ਕੱਲ੍ਹ ਦੁਪਹਿਰ ਵੇਲੇ ਖ਼ਬਰ ਆਈ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ, ਪਰ ਬਾਅਦ ‘ਚ ਦੇਰ ਰਾਤ ਡੇਰਾ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਰਹਿਣਗੇ। ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ।

    ਡੇਰੇ ਵੱਲੋਂ ਸਪਸ਼ਟੀਕਰਨ ਜਾਰੀ ਕਰ ਕਿਹਾ ਗਿਆ

    “ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਮੌਜੂਦਾ ਸੰਤ ਸਤਿਗੁਰੂ ਹਨ। ਬਾਬਾ ਜੀ ਦੀ ਸਿਹਤ ਠੀਕ ਹੈ ਅਤੇ ਉਹ ਸਤਿਸੰਗ ਅਤੇ ਨਾਮ ਦਾਨ ਦਿੰਦੇ ਰਹਿਣਗੇ।ਹਜ਼ੂਰ ਜਸਦੀਪ ਸਿੰਘ ਜੀ ਗਿੱਲ ਨੂੰ 02 ਸਤੰਬਰ, 2024 ਤੋਂ ਸਾਰੀਆਂ ਆਰ ਐਸ ਐਸ ਬੀ ਸੁਸਾਇਟੀਆਂ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਉਹ ਅੱਗੇ ਤੋਂ ਸਰਪ੍ਰਸਤ ਦੇ ਸਾਰੇ ਕਾਰਜ ਕਰਨਗੇ। ਇਹ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਗਿਆ ਹੈ।ਹਜ਼ੂਰ ਜਸਦੀਪ ਸਿੰਘ ਜੀ ਗਿੱਲ ਭਵਿੱਖ ਵਿੱਚ RSSB ਦੇ ਸੰਤ ਸਤਿਗੁਰੂ ਹੋਣਗੇ ਅਤੇ ਉਸ ਤੋਂ ਬਾਅਦ ਆਪ ਜੀ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ। ਤਦ ਤੱਕ ਆਪ ਜੀ ਬਾਬਾ ਗੁਰਿੰਦਰ ਸਿੰਘ ਜੀ ਢਿਲੋਂ ਦੇ ਨਾਲ ਨਿਰਧਾਰਿਤ ਅਤੇ ਹੋਰ ਸਤਿਸੰਗਾਂ ਵਿੱਚ ਹਾਜ਼ਰੀ ਭਰਦੇ ਰਹਿਣਗੇ।”

    ਜ਼ਿਕਰਯੋਗ ਹੈ ਕਿ ਜਸਦੀਪ ਸਿੰਘ ਗਿੱਲ ਦੇ ਪਿਤਾ ਸੁਖਦੇਵ ਸਿੰਘ ਗਿੱਲ ਭਾਰਤੀ ਫ਼Ïਜ ‘ਚੋਂ ਕਰਨਲ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਦੋ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਬਿਆਸ ਆਏ ਸਨ। ਸੰਪਰਦਾ ਦੇ ਇਕ ਸੂਤਰ ਨੇ ਦੱਸਿਆ ਕਿ ਜਸਦੀਪ ਸਿੰਘ ਗਿੱਲ ਪਿਛਲੇ 30 ਸਾਲਾਂ ਤੋਂ ਡੇਰੇ ‘ਚ ਜਾ ਕੇ ਸੇਵਾ ਕਰ ਰਹੇ ਹਨ। 45 ਸਾਲਾ ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ‘ਚ ਡਾਕਟਰੇਟ ਤੇ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.), ਦਿੱਲੀ ਦੇ ਸਾਬਕਾ ਵਿਦਿਆਰਥੀ ਹਨ। ਉਹ ਸਿਪਲਾ, ਭਾਰਤ ‘ਚ ਮੁੱਖ ਰਣਨੀਤੀ ਅਧਿਕਾਰੀ ਤੇ ਸੀਨੀਅਰ ਪ੍ਰਬੰਧਨ ਕਰਮਚਾਰੀ ਸਨ ਤੇ ਇਸ ਸਾਲ ਦੇ ਸ਼ੁਰੂ ‘ਚ ਉਨ੍ਹਾਂ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਦੀ ਪਤਨੀ ਡਾਕਟਰ ਹੈ।