ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਖੇਡ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਰੋਨਾਲਡੋ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਲੀਅਨ ਯਾਨੀ ਕਿ ਇੱਕ ਅਰਬ ਫਾਲੋਅਰਜ਼ ਦਾ ਅੰਕੜਾ ਛੂਹ ਲਿਆ ਹੈ। ਰੋਨਾਲਡੋ ਇੱਕ ਬਿਲੀਅਨ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਅਥਲੀਟ ਬਣ ਗਏ ਹਨ। ਅਲ ਨਾਸਰ ਕਲੱਬ ਦੇ ਸਟ੍ਰਾਈਕਰ ਰੋਨਾਲਡੋ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦਾ 900ਵਾਂ ਗੋਲ ਕੀਤਾ ਸੀ ਤੇ ਫੈਨਜ਼ ਦਾ ਭਰਪੂਰ ਸਪੋਰਟ ਦੇ ਲਈ ਸ਼ੁਕਰੀਆ ਅਦਾ ਕੀਤਾ ਸੀ। ਇਹੀ ਕਾਰਨ ਹੈ ਕਿ ਹੁਣ ਰੋਨਾਲਡੋ ਨੇ ਫਾਲੋਅਰਜ਼ ਦੀ ਗਿਣਤੀ ਦੇ ਮਾਮਲੇ ਵਿੱਚ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਰੋਨਾਲਡੋ ਦੇ ਇੰਸਟਾਗ੍ਰਾਮ, ਫੇਸਬੁੱਕ ਤੇ ਯੂ-ਟਿਊਬ ਸਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੁੱਲ ਮਿਲਾ ਕੇ 1 ਬਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ। ਉਹ ਇਹ ਵੱਡਾ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ ਪਹਿਲੇ ਅਥਲੀਟ ਹੀ ਨਹੀਂ ਬਲਕਿ ਪੇਜਲੇ ਵਿਅਕਤੀ ਵੀ ਬਣ ਗਏ ਹਨ।

    ਰੋਨਾਲਡੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ 1 ਬਿਲੀਅਨ ਫਾਲੋਅਰਜ਼ ਦੀ ਜਾਣਕਾਰੀ ਫੈਨਜ਼ ਦੇ ਨਾਲ ਸਾਂਝੀ ਕੀਤੀ। ਰੋਨਾਲਡੋ ਨੇ ਲਿਖਿਆ,” ਅਸੀਂ ਇਤਿਹਾਸ ਰਚ ਦਿੱਤਾ ਹੈ। 1 ਬਿਲੀਅਨ ਫਾਲੋਅਰਜ਼ ! ਇਹ ਸਿਰਫ਼ ਇੱਕ ਗਿਣਤੀ ਨਹੀਂ ਹੈ। ਇਹ ਖੇਡ ਤੇ ਉਸ ਤੋਂ ਪਰੇ ਜਨੂੰਨ, ਪ੍ਰੇਰਨਾ ਤੇ ਪਿਆਰ ਦਾ ਸਬੂਤ ਹੈ। ਮਦੀਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੱਕ, ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ, ਅਤੇ ਹੁਣ ਸਾਡੇ ਵਿੱਚੋਂ 1 ਬਿਲੀਅਨ ਲੋਕ ਇਕੱਠੇ ਖੜੇ ਹਨ। ਤੁਸੀਂ ਹਰ ਪੜਾਅ ‘ਤੇ, ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਮੇਰੇ ਨਾਲ ਰਹੇ ਹੋ। ਇਹ ਯਾਤਰਾ ਸਾਡੀ ਯਾਤਰਾ ਹੈ ਅਤੇ ਅਸੀਂ ਮਿਲ ਕੇ ਦਿਖਾਇਆ ਹੈ ਕਿ ਅਸੀਂ ਜੋ ਪ੍ਰਾਪਤ ਕਰ ਸਕਦੇ ਹਾਂ ਉਸ ਦੀ ਕੋਈ ਸੀਮਾ ਨਹੀਂ ਹੈ। ਮੇਰੇ ‘ਤੇ ਵਿਸ਼ਵਾਸ ਕਰਨ ਲਈ, ਤੁਹਾਡੇ ਸਮਰਥਨ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਹਾਲੇ ਸਭ ਤੋਂ ਵਧੀਆ ਆਉਣਾ ਬਾਕੀ ਹੈ ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਜਿੱਤਦੇ ਰਹਾਂਗੇ ਅਤੇ ਇਕੱਠੇ ਇਤਿਹਾਸ ਰਚਦੇ ਰਹਾਂਗੇ।

    ਦੱਸ ਦੇਈਏ ਕਿ ਰੋਨਾਲਡੋ ਨੇ ਵੱਖ-ਵੱਖ ਪਲੇਟਫਾਰਮ ‘ਤੇ ਫਾਲੋਅਰਜ਼ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇੰਸਟਾਗ੍ਰਾਮ ‘ਤੇ 600 ਮਿਲੀਅਨ ਤੋਂ ਜ਼ਿਆਦਾ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ, ਜਦਕਿ 100 ਮਿਲੀਅਨ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ ਐਕਸ ‘ਤੇ ਫਾਲੋ ਕਰਦੇ ਹਨ। ਰੋਨਾਲਡੋ ਦੇ ਫੇਸਬੁੱਕ ‘ਤੇ 170 ਮਿਲੀਅਨ ਤੇ ਯੂ-ਟਿਊਬ ‘ਤੇ 60 ਮਿਲੀਅਨ ਸਬਸਕ੍ਰਾਈਬਰ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਯੂ-ਟਿਊਬ ਚੈਨਲ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਲਾਂਚ ਕੀਤਾ ਗਿਆ ਸੀ। ਪਹਿਲੇ ਦਿਨ ਹੀ ਰੋਨਾਲਡੋ ਦੇ ਸਬਸਕ੍ਰਾਈਬਰਾਂ ਦੀ ਗਿਣਤੀ 15 ਮਿਲੀਅਨ ਤੇ ਪਹਿਲੇ ਹਫ਼ਤੇ ਵਿੱਚ ਹੀ 50 ਮਿਲੀਅਨ ਤੱਕ ਪਹੁੰਚ ਗਈ।