ਜ਼ੀਰਕਪੁਰ ਦੇ ਜੀਐਸ ਮੈਮੋਰੀਅਲ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦੀ ਇੱਕ ਵਿਦਿਆਰਥੀ ਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਪ੍ਰਬੰਧਕਾਂ ਮੁਤਾਬਕ ਮ੍ਰਿਤਕ ਪਰਮਦੀਪ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਡਾ ਜੋ ਕਿ ਜੀਐੱਸ ਸਮੋਰੀਅਲ ਸਕੂਲ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਸੀ।ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਨੂੰ ਅਚਾਨਕ ਚੱਕਰ ਆਇਆ ਅਤੇ ਉਹ ਜ਼ਮੀਨ ਉਤੇ ਡਿੱਗ ਪਿਆ ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਲਗਾਇਆ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਵੱਲੋਂ ਪਰਮਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪਰਮਦੀਪ ਸਿੰਘ ਦੀ ਮੌਤ ਦੀ ਘਟਨਾ ਦਾ ਜਦੋਂ ਸਕੂਲ ਸਟਾਫ਼ ਤੇ ਸ਼ਹਿਰ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮਾਮਲੇ ਸਬੰਧੀ ਸਕੂਲ ਦੇ ਪ੍ਰਿੰ. ਜਗਤਾਰ ਸਿੰਘ ਸੋਢੀ ਨੇ ਕਿਹਾ ਕਿ ਪਰਮਦੀਪ ਸਿੰਘ ਸਾਡੇ ਸਕੂਲ ਵਿੱਚ ਬਾਰ੍ਹਵੀਂ ਆਰਟਸ ਸਟਰੀਮ ਦਾ ਮਿਹਨਤੀ ਵਿਦਿਆਰਥੀ ਸੀ। ਅਸੀਂ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰੱਬ ਨੂੰ ਕੁੱਝ ਹੋਰ ਮਨਜ਼ੂਰ ਸੀ।