ਕੈਨੇਡਾ ਵਿਚ ਬੇਰੁਜ਼ਗਾਰੀ ਸੰਕਟ ਵਧਦਾ ਜਾ ਰਿਹਾ ਹੈ। ਇਸ ਮਾੜੀ ਸਥਿਤੀ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਲੱਖਾਂ ਰੁਪਇਆ ਦੀ ਫੀਸ ਭਰਕੇ ਕੈਨੇਡਾ ਗਏ ਵਿਗਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਜਿਹੀ ਹੀ ਇਕ ਵੀਡੀਓ ਕੈਨੇਡਾ ਦੇ ਬਰੈਂਪਟਨ ਤੋਂ ਸਾਹਮਣੇ ਆਈ ਹੈ। ਜਿਥੇ ‘ਵੇਟਰ’ ਦੀ ਜੌਬ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਪਹੁੰਚੇ। ਹਜ਼ਾਰਾਂ ਵਿਦਿਆਰਥੀ ਵੇਟਰ ਬਣਨ ਲਈ ਇੰਟਰਵਿਊ ਲਈ ਪਹੁੰਚੇ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਸਨ। ਇਸ ਵੀਡੀਓ ਨਾਲ ਉਨ੍ਹਾਂ ਹਜ਼ਾਰਾਂ ਭਾਰਤੀਆਂ ਦੀ ਚਿੰਤਾ ਵਧ ਗਈ ਹੈ ਜੋ ਕਿਸੇ ਵੀ ਤਰੀਕੇ ਨਾਲ ਕੈਨੇਡਾ ਜਾਣ ਦਾ ਸੁਪਨਾ ਦੇਖਦੇ ਹਨ। ਵੇਟਰ ਦੀ ਜੌਬ ਲਈ ਹਜ਼ਾਰਾਂ ਲੋਕਾਂ ਦਾ ਪਹੁੰਚਣਾ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਚੰਗੀ ਸਥਿਤੀ ਨਹੀਂ ਬਚੀ ਹੈ।
ਕੈਨੇਡਾ ‘ਚ ਵੇਟਰ ਦੀ ਨੌਕਰੀ ਲਈ ਲਾਈਨ ‘ਚ ਖੜ੍ਹੇ ਭਾਰਤੀ ਵਿਦਿਆਰਥੀਆਂ ਦੀ ਇਹ ਵੀਡੀਓ ਐਕਸ ‘ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਬਰੈਂਪਟਨ ਦੇ ਇੱਕ ਰੈਸਟੋਰੈਂਟ ਨੇ ਕੁਝ ਵੇਟਰ ਦੀਆਂ ਨੌਕਰੀਆਂ ਲਈ ਇਸ਼ਤਿਹਾਰ ਦਿੱਤਾ। ਇਸ ਤੋਂ ਬਾਅਦ ਕਰੀਬ 3000 ਵਿਦਿਆਰਥੀ ਇੰਟਰਵਿਊ ਲਈ ਆਏ। ਨੌਕਰੀ ਲਈ ਆਏ ਇਨ੍ਹਾਂ ਵਿਦਿਆਰਥੀਆਂ ‘ਚੋਂ ਜ਼ਿਆਦਾਤਰ ਭਾਰਤੀ ਹਨ।
ਰੁਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇਕ ਵਿਦਿਆਰਥੀ ਅਗਮਵੀਰ ਸਿੰਘ ਨੇ ਕਿਹਾ, ‘ਵੱਡੀ ਗਿਣਤੀ ‘ਚ ਵਿਦਿਆਰਥੀ ਰੋਜ਼ੀ-ਰੋਟੀ ਅਤੇ ਰਹਿਣ ਸਹਿਣ ਖਰਚਿਆਂ ਵਰਗੇ ਮੁਸ਼ਕਿਲ ਹਾਲਾਤ ਤੋਂ ਨਿਕਲ ਰਹੇ ਹਨ। ਉਸ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ ‘ਚ 70 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ਼ ਤਿੰਨ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਮੇਰੇ ਮਾਪਿਆਂ ਨੇ ਮੈਨੂੰ ਜ਼ਮੀਨ ਵੇਚ ਕੇ ਬਾਹਰ ਭੇਜਿਆ ਹੈ।
ਉਹ ਆਪਣੇ ਮਾਪਿਆਂ ਨੂੰ ਕੈਨੇਡਾ ‘ਚ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਣਾ ਚਾਹੁੰਦਾ। ਉਸ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਹਨ ਅਤੇ ਅੱਗੇ ਕੀ ਕਰਨਾ ਹੈ, ਇਸ ਦਾ ਕੁਝ ਪਤਾ ਨਹੀਂ ਹੈ।
ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਪਸੰਦੀਦਾ ਸਥਾਨ ਰਿਹਾ ਹੈ। ਸਟੂਡੈਂਟ ਵੀਜ਼ਾ, ਵਰਕ ਪਰਮਿਟ, ਸਥਾਈ ਨਿਵਾਸ ਅਤੇ ਫਿਰ ਨਾਗਰਿਕਤਾ ਪ੍ਰਾਪਤ ਕਰਕੇ ਕੈਨੇਡਾ ਵਿੱਚ ਸੈਟਲ ਹੋਣਾ ਵੀ ਆਸਾਨ ਹੋ ਗਿਆ ਹੈ। ਇਨ੍ਹਾਂ ਗੱਲਾਂ ਨੇ ਕੈਨੇਡਾ ਨੂੰ ਸੁਪਨਿਆਂ ਦਾ ਦੇਸ਼ ਬਣਾ ਦਿੱਤਾ ਹੈ ਜਿੱਥੇ ਕੋਈ ਜਾ ਕੇ ਚੰਗੀ ਜ਼ਿੰਦਗੀ ਜੀ ਸਕਦਾ ਹੈ। ਅਜਿਹੇ ‘ਚ ਪਿਛਲੇ ਸਾਲਾਂ ‘ਚ ਵੱਡੀ ਗਿਣਤੀ ‘ਚ ਭਾਰਤੀ ਨੌਜਵਾਨ ਕੈਨੇਡਾ ਗਏ ਹਨ।