ਚੰਡੀਗੜ੍ਹ/ਸੰਗਰੂਰ- ਸੂਬੇ ਵਿੱਚ ਜਨਤਕ ਸੇਵਾਵਾਂ ਦੇ ਵਿਸਥਾਰ ਲਈ ਪੰਜਾਬ ਪੁਲਿਸ ਦੇ ਸੂਬਾ ਪੱਧਰੀ ਯਤਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਜਨਤਾ ਅਤੇ ਪੁਲਿਸ ਕਰਮੀਆਂ ਦੋਵਾਂ ਦੀ ਸਹੂਲਤ ਲਈ ਮਜ਼ਬੂਤ ਪੁਲਿਸ ਬੁਨਿਆਦੀ ਢਾਂਚਾ ਵਿਕਸਤ ਕਰਨ ਵਾਸਤੇ ਸੰਗਰੂਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

    ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਹ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਸਬੰਧੀ ਚੋਰੀ/ਛੇੜਛਾੜ, ਸਾਈਬਰ ਬੁਲਿੰਗ, ਹੈਕਿੰਗ ਅਤੇ ਆਨਲਾਈਨ ਘੁਟਾਲਿਆਂ ਸਮੇਤ ਸਾਈਬਰ-ਸਬੰਧਤ ਅਪਰਾਧਾਂ ਦੀ ਜਾਂਚ ਅਤੇ ਇਸ ਨਾਲ ਨਜਿੱਠਣ ਲਈ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ। ਇਸ ਪੁਲਿਸ ਸਟੇਸ਼ਨ ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿੱਚ ਡਿਜ਼ੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਸ਼ਾਮਲ ਹਨ।