ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ):– ਫਿਰੋਜ਼ਪੁਰ ਸ਼ਹਿਰ ਲਈ ਵੱਡੇ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਐਲਾਨੇ ਗਏ ਸਰਵੋਤਮ ਪੁਰਸਕਾਰਾਂ ਵਿੱਚੋਂ ਸਾਲ 2022 ਦਾ ਆਲੋਚਨਾ ਦਾ ਵਕਾਰੀ ਪੁਰਸਕਾਰ ‘ਡਾ. ਅਤਰ ਸਿੰਘ ਪੁਰਸਕਾਰ’ ਡਾ. ਮਨਜੀਤ ਕੌਰ ਆਜ਼ਾਦ ਦੀ ਪੁਸਤਕ ‘ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ’ ਨੂੰ ਦੇਣ ਦਾ ਐਲਾਨ ਕੀਤਾ ਹੈ। ਗੌਰ ਤਲਬ ਹੈ ਕਿ ਇਸ ਪੁਸਤਕ ਵਿੱਚ ਡਾ. ਮਨਜੀਤ ਕੌਰ ਆਜ਼ਾਦ ਵੱਲੋਂ ਵਿਸ਼ਵੀਕਰਨ ਦੇ ਮਾਨਵੀ ਜ਼ਿੰਦਗੀ ਦੇ ਵਿਭਿੰਨ ਪੱਖਾਂ ਤੇ ਪਏ ਪ੍ਰਭਾਵਾਂ ਸਦਕਾ ਪਣਪ ਰਹੇ ਨਵ ਵਿਸ਼ਵ ਸੱਭਿਆਚਾਰ ਬਾਬਤ ਬਾਰੀਕ ਅਤੇ ਨਿੱਗਰ ਚਰਚਾ ਕੀਤੀ ਹੈ ਇਸ ਪੁਸਤਕ ਦੀ ਇਹ ਵੀ ਪ੍ਰਾਪਤੀ ਹੈ ਕਿ ਇਸ ਵਿਚ ਲੇਖਿਕਾ ਨੇ ਵਿਸ਼ਵ ਸੱਭਿਆਚਾਰ ਦੀ ਨਿਰਮਾਣ ਪ੍ਰਕਿਰਿਆ (ਜੋ ਕਿ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲਾ ਕਾਰਜ ਹੈ) ਬਾਰੇ ਗਹਿਰ ਗੰਭੀਰ ਚਰਚਾ ਕਰਦਿਆਂ ਬੜੀ ਸਪਸ਼ਟਤਾ ਨਾਲ ਸਥਾਨਕ ਸੱਭਿਆਚਾਰਾਂ ਨੂੰ ਦਰਪੇਸ਼ ਚੁਣੌਤੀਆਂ, ਸੰਕਟਾਂ ਅਤੇ ਦਵੰਧਾਂ ਬਾਰੇ ਚਰਚਾ ਕੀਤੀ ਹੈ l ਆਪਣੇ ਤੱਥਾਂ ਦੀ ਪ੍ਰਮਾਣਿਕਤਾ ਲਈ ਲੇਖਿਕਾ ਨੇ ਵਿਭਿੰਨ ਉਮਰ ਵਰਗ ਦੇ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਅੰਕੜਿਆਂ ਦੇ ਆਧਾਰ ਤੇ ਆਪਣੀ ਖੋਜ ਕੀਤੀ ਅਤੇ ਇਸ ਨੂੰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ l ਇਸ ਤੋਂ ਪਹਿਲਾਂ ਵੀ ਲੇਖਿਕਾ ਵੱਲੋਂ ਦੋ ਕਵਿਤਾ ਦੀਆਂ ਅਤੇ ਆਲੋਚਨਾ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ l ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਫਿਰੋਜ਼ਪੁਰ ਸ਼ਹਿਰ ਅਤੇ ਆਰ. ਐਸ. ਡੀ. ਕਾਲਜ ਲਈ ਵੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਜਿੱਥੇ ਉਹ ਪਿਛਲੇ 13 ਸਾਲ ਤੋਂ ਪੰਜਾਬੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੇ ਹਨ ਪਰ ਅਫ਼ਸੋਸ ਹੈ ਕਿ ਆਰ.ਐਸ.ਡੀ. ਸੰਸਥਾ ਆਪਣੀ ਇਸ ਅਧਿਆਪਕਾ ਦੀ ਇਸ ਪ੍ਰਾਪਤੀ ਲਈ ਮਾਣਮੱਤੀ ਨਹੀਂ ਹੋ ਸਕੇਗੀ ਕਿਉਂਕਿ ਭਾਸ਼ਾ ਵਿਭਾਗ ਦੇ ਇਸ ਵੱਕਾਰੀ ਪੁਰਸਕਾਰ ਵਿਜੇਤਾ ਡਾ.ਮਨਜੀਤ ਕੌਰ ਆਜ਼ਾਦ ਨੂੰ RSD College ਦੀ ਮੈਨੇਜਮੈਂਟ ਨੇ ਉਹਨਾਂ ਦੇ ਦੋ ਹੋਰ ਸਹਿਯੋਗੀਆਂ ਸਮੇਤ ਪਿਛਲੇ ਸਾਲ ਬਿਨਾਂ ਵਜ੍ਹਾ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ 52 ਦਿਨ ਪ੍ਰੋ.ਮਨਜੀਤ ਕੌਰ ਨੂੰ ਦਿਨ ਰਾਤ ਸੜਕਾਂ ਤੇ ਬੈਠਣਾ ਪਿਆ ਤਾਂ ਜਾ ਕੇ ਬਹਾਲ ਹੋਏ। ਅਦਾਲਤੀ ਹੁਕਮਾਂ ਤੋਂ ਬਾਅਦ ਕਾਲਜ ਨੇ ਇਹਨਾਂ ਨੂੰ ਮੁੜ ਜੁਆਇਨ ਤਾਂ ਕਰਵਾ ਲਿਆ ਸੀ ਪਰ ਇਸ ਪੁਰਸਕਾਰ ਵਿਜੇਤਾ ਨੂੰ ਕਾਲਜ ਮੈਨੇਜਮੈਂਟ ਵੱਲੋਂ ਪਿਛਲੇ11 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ।

    ਸ਼ਬਦ ਸੱਭਿਆਚਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਜਨਰਲ ਸਕੱਤਰ ਸੁਖਜਿੰਦਰ ,ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਕੁਲਦੀਪ, ਰਾਜੀਵ ਖ਼ਿਆਲ ਸੁਖਦੇਵ ਭੱਟੀ , ਓਮਪ੍ਰਕਾਸ਼ ਸਰੋਏ, ਲਾਲ ਸਿੰਘ ਸੁਲਹਾਨੀ,ਸਰਬਜੀਤ ਸਿੰਘ ਭਾਵੜਾ, ਸੰਦੀਪ ਚੌਧਰੀ, ਸੁਖਵਿੰਦਰ ਭੁੱਲਰ ਅਤੇ ਹਰਮੀਤ ਵਿਦਿਆਰਥੀ ਨੇ ਡਾ.ਮਨਜੀਤ ਕੌਰ ਆਜ਼ਾਦ ਨੂੰ ਇਸ ਪ੍ਰਾਪਤੀ ਮੁਬਾਰਕਬਾਦ ਦਿੱਤੀ ਅਤੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ।