NCP ਨੇਤਾ ਅਤੇ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਭਾਈਜਾਨ ਦੀ ਸੁਰੱਖਿਆ ਮੁੰਬਈ ਪੁਲਿਸ ਲਈ ਵੱਡਾ ਕੰਮ ਬਣ ਗਿਆ ਹੈ। ਇਸ ਮਾਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਵਿੱਚ ਉਨ੍ਹਾਂ ਦਾ ਹੱਥ ਹੋਣ ਦੀ ਗੱਲ ਕਬੂਲੀ ਸੀ।

    ਇਸ ਦੇ ਨਾਲ ਹੀ ਗੈਂਗ ਖੁੱਲ੍ਹੇਆਮ ਧਮਕੀ ਵੀ ਦੇ ਰਿਹਾ ਹੈ ਕਿ ਜੇਕਰ ਬਾਬਾ ਦਾ ਇਹ ਹਾਲ ਹੋ ਸਕਦਾ ਹੈ ਤਾਂ ਸਲਮਾਨ ਦਾ ਕੀ ਹੋਵੇਗਾ… ਹਾਲਾਂਕਿ ਹੁਣ ਨਵੀਂ ਮੁੰਬਈ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਵੱਲੋਂ ਅਦਾਲਤ ‘ਚ ਦਾਖ਼ਲ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਪਨਵੇਲ ਫਾਰਮ ਹਾਊਸ ‘ਤੇ ਹੀ ਸਲਮਾਨ ‘ਤੇ ਹਮਲਾ ਕਰਨ ਦੀ ਯੋਜਨਾ ਸੀ। ਸਲਮਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਬਿੱਗ ਬੌਸ 18 ਦੇ ਵੀਕੈਂਡ ਕਾ ਵਾਰ ਦੀ ਸ਼ੂਟਿੰਗ ਵੀ ਸਖ਼ਤ ਸੁਰੱਖਿਆ ਹੇਠ ਹੋਵੇਗੀ।ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ਼ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। 25 ਲੱਖ ਰੁਪਏ ਦੀ ਸੁਪਾਰੀ, ਪਾਕਿਸਤਾਨ ਤੋਂ ਏ.ਕੇ 47, ਏਕੇ 92 ਅਤੇ ਐੱਮ16 ਵਰਗੇ ਹਥਿਆਰ ਖਰੀਦਣ ਦੀ ਪੂਰੀ ਯੋਜਨਾ ਸੀ।

    ਤੁਰਕੀ ਦੇ ਬਣੇ ਜ਼ਿਗਾਨਾ ਨੂੰ ਖਰੀਦਣ ਦੀ ਬਣਾ ਰਿਹਾ ਸੀ ਯੋਜਨਾ
    ਪੁਲਿਸ ਵੱਲੋਂ ਅਦਾਲਤ ‘ਚ ਦਾਖ਼ਲ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਪਨਵੇਲ ਫਾਰਮ ਹਾਊਸ ‘ਤੇ ਹੀ ਸਲਮਾਨ ‘ਤੇ ਹਮਲਾ ਕਰਨ ਦੀ ਯੋਜਨਾ ਸੀ। ਇਹ ਸਾਜ਼ਿਸ਼ ਪਿਛਲੇ ਸਾਲ ਅਗਸਤ 2023 ਤੋਂ ਅਪ੍ਰੈਲ 2024 ਦਰਮਿਆਨ ਰਚੀ ਗਈ ਸੀ। ਹਮਲਾਵਰਾਂ ਨੇ ਆਧੁਨਿਕ ਹਥਿਆਰ ਏ ਕੇ 47, ਏ ਕੇ 92 ਅਤੇ ਐਮ 16 ਅਤੇ ਤੁਰਕੀ ਦੇ ਬਣੇ ਜ਼ਿਗਾਨਾ ਪਾਕਿਸਤਾਨ ਤੋਂ ਖਰੀਦਣ ਦੀ ਤਿਆਰੀ ਕੀਤੀ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਗਾਨਾ ਤੋਂ ਕਤਲ ਹੋਇਆ ਸੀ।

    ਸੁੱਖਾ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹ ਇੱਕ ਹਥਿਆਰ ਡੀਲਰ ਨਾਲ ਗੱਲ ਕਰ ਰਿਹਾ ਸੀ ਅਤੇ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਲਈ ਅਜੇ ਕਸ਼ਯਪ ਨੂੰ ਟਾਸਕ ਦਿੱਤਾ ਸੀ। ਦੋਸ਼ੀ ਨੇ ਸਲਮਾਨ ਖਾਨ ਦੀ ਹੱਤਿਆ ਕਰਨ ਲਈ 18 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਨੂੰ ਕੰਮ ‘ਤੇ ਰੱਖਿਆ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਇਹ ਲੜਕੇ ਪੁਣੇ, ਰਾਏਗੜ੍ਹ, ਨਵੀਂ ਮੁੰਬਈ, ਠਾਣੇ ਅਤੇ ਗੁਜਰਾਤ ਵਿੱਚ ਲੁਕੇ ਹੋਏ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਕਈ ਲੋਕ ਸ਼ਹਿਰ ‘ਚ ਅਦਾਕਾਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੇ ਸਨ। ਸ਼ੂਟਰਾਂ ਨੇ ਕੰਨਿਆਕੁਮਾਰੀ ਜਾਣ ਅਤੇ ਫਿਰ ਸ੍ਰੀਲੰਕਾ ਭੱਜਣ ਦੀ ਯੋਜਨਾ ਬਣਾਈ ਸੀ।

    ਅੱਜ ਬਿੱਗ ਬੌਸ ਦੀ ਸ਼ੂਟਿੰਗ ਕਰਨਗੇ ਸਲਮਾਨ ਖਾਨ
    ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਸਲਮਾਨ ਖਾਨ ਅੱਜ (18 ਅਕਤੂਬਰ) ਬਿੱਗ ਬੌਸ 18 ਦੇ ਵੀਕੈਂਡ ਕਾ ਵਾਰ ਦੀ ਸ਼ੂਟਿੰਗ ਲਈ ਤਿਆਰ ਹਨ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸੈੱਟ ਦੇ ਆਲੇ-ਦੁਆਲੇ ਸੁਰੱਖਿਆ ਬਹੁਤ ਸਖਤ ਹੈ ਅਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਅਦਾਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਸੇ ਨੂੰ ਵੀ ਸੈੱਟ ਦੇ ਨੇੜੇ ਆਉਣ ਜਾਂ ਰੁਕਣ ਦੀ ਇਜਾਜ਼ਤ ਨਹੀਂ ਹੈ।