ਪੂਰੀ ਦੁਨੀਆਂ ਵਿਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇੱਕ ਵਾਰ ਜਦੋਂ ਕੋਈ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੋ ਜਾਂਦਾ ਹੈ ਤਾਂ ਇਸ ਲਤ ਤੋਂ ਛੁਟਕਾਰਾ ਪਾਉਣਾ ਅਸੰਭਵ ਹੋ ਜਾਂਦਾ ਹੈ।

    ਸ਼ਰਾਬ ਵਿੱਚ ਅਲਕੋਹਲ ਹੁੰਦੀ ਹੈ, ਜੋ ਸਰੀਰ ਲਈ ਬਹੁਤ ਖਤਰਨਾਕ ਹੈ ਅਤੇ ਕਈ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਹੁਣ ਵਿਗਿਆਨੀਆਂ ਨੇ ਅਜਿਹੀ ਦਵਾਈ ਤਿਆਰ ਕੀਤੀ ਹੈ ਜਿਸ ਦਾ ਸੇਵਨ ਕਰਕੇ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਲੋਕ ਇਸ ਨੂੰ ਚਮਤਕਾਰੀ ਗੋਲੀ ਮੰਨ ਰਹੇ ਹਨ ਅਤੇ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਇਹ ਦਵਾਈ ਕਿਵੇਂ ਕੰਮ ਕਰਦੀ ਹੈ ਅਤੇ ਇਸ ਦੀ ਕੀਮਤ ਕਿੰਨੀ ਹੈ।

    ਬ੍ਰਿਟਿਸ਼ ਵੈੱਬਸਾਈਟ ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਤਿਆਰ ਕੀਤੀ ਗਈ ਗੋਲੀ ਦਾ ਨਾਂ ਨਲਟਰੈਕਸੋਨ (naltrexone) ਹੈ, ਜਿਸ ਦੀ ਵਰਤੋਂ ਸ਼ਰਾਬ ਸਮੇਤ ਕਈ ਨਸ਼ਿਆਂ ਦੀ ਲਤ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਵਿਗਿਆਨੀਆਂ ਅਨੁਸਾਰ ਜੇਕਰ ਸ਼ਰਾਬ ਪੀਣ ਤੋਂ 1 ਘੰਟਾ ਪਹਿਲਾਂ ਇਸ ਦਵਾਈ ਦਾ ਸੇਵਨ ਕੀਤਾ ਜਾਵੇ ਤਾਂ ਸਭ ਤੋਂ ਵੱਡਾ ਸ਼ਰਾਬੀ ਵੀ ਬਹੁਤ ਘੱਟ ਮਾਤਰਾ ਵਿਚ ਸ਼ਰਾਬ ਪੀਵੇਗਾ, ਕਿਉਂਕਿ ਉਸ ਨੂੰ ਸ਼ਰਾਬ ਪੀਣ ਦਾ ਮਨ ਨਹੀਂ ਹੋਵੇਗਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੋਲੀ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੋ ਸਕਦੀ ਹੈ।

    ਇਹ ਗੋਲੀ ਕਿਵੇਂ ਕੰਮ ਕਰਦੀ ਹੈ?

    ਮਾਹਿਰਾਂ ਦੇ ਅਨੁਸਾਰ, ਇਸ ਗੋਲੀ ਦਾ ਮੁੱਖ ਕੰਮ ਦਿਮਾਗ ਵਿੱਚ ਸਿਗਨਲ ਨੂੰ ਪ੍ਰਭਾਵਿਤ ਕਰਨਾ ਹੈ ਜੋ ਸ਼ਰਾਬ ਦੀ ਲਾਲਸਾ ਨੂੰ ਕੰਟਰੋਲ ਕਰਦੇ ਹਨ। ਇਹ ਗੋਲੀ ਸਰੀਰ ਵਿੱਚ ਡੋਪਾਮਿਨ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਵਿਅਕਤੀ ਦੀ ਸ਼ਰਾਬ ਪੀਣ ਦੀ ਇੱਛਾ ਘੱਟ ਜਾਂਦੀ ਹੈ। ਇਹ ਇੱਕ ਨਿਊਰੋਕੈਮੀਕਲ ਪ੍ਰਕਿਰਿਆ ਹੈ, ਜਿਸ ਨਾਲ ਵਿਅਕਤੀ ਸ਼ਰਾਬ ਤੋਂ ਬਿਨਾਂ ਵੀ ਸੰਤੁਸ਼ਟ ਮਹਿਸੂਸ ਕਰ ਸਕਦਾ ਹੈ। ਇਹ ਸ਼ਰਾਬ ਦੀ ਲਤ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਲੋਕਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਲੋਕ ਇਸ ਗੋਲੀ ਨਾਲ ਭਾਰ ਵੀ ਘਟਾ ਸਕਦੇ ਹਨ, ਜਿਸ ਕਾਰਨ ਇਸ ਨੂੰ ‘ਓਜ਼ੈਂਪਿਕ ਫਾਰ ਡ੍ਰਿੰਕਿੰਗ’ ਕਿਹਾ ਜਾ ਰਿਹਾ ਹੈ। ਓਜ਼ੈਂਪਿਕ ਭਾਰ ਘਟਾਉਣ ਲਈ ਇੱਕ ਪ੍ਰਸਿੱਧ ਦਵਾਈ ਹੈ।

    ਇਸ ਗੋਲੀ ਦੀ ਕੀਮਤ ਕਿੰਨੀ ਹੈ?

    ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਗੋਲੀ ਦੀ ਕੀਮਤ ਕਰੀਬ 300 ਰੁਪਏ ਹੈ। ਰਿਪੋਰਟਾਂ ਦੇ ਅਨੁਸਾਰ, ਇਹ ਗੋਲੀ ਦਿਨ ਵਿੱਚ ਇੱਕ ਵਾਰ ਲਈ ਜਾਂਦੀ ਹੈ ਅਤੇ ਇਸ ਦਾ ਪ੍ਰਭਾਵ ਹੋਣ ਵਿੱਚ ਕੁਝ ਹਫ਼ਤੇ ਲੱਗ ਸਕਦੇ ਹਨ। ਇਸ ਚਮਤਕਾਰੀ ਗੋਲੀ ਨੇ ਸ਼ਰਾਬ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਨਵੀਂ ਉਮੀਦ ਦਿੱਤੀ ਹੈ। ਹਾਲਾਂਕਿ, ਇਸ ਦਵਾਈ ਬਾਰੇ ਸਾਵਧਾਨ ਰਹਿਣਾ ਜ਼ਰੂਰੀ ਹੈ। ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ। ਅਜਿਹੇ ‘ਚ ਲੋਕਾਂ ਨੂੰ ਇਸ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਉਤੇ ਹੀ ਕਰਨੀ ਚਾਹੀਦੀ ਹੈ। ਇਸ ਦਵਾਈ ਨੂੰ ਆਪਣੇ ਆਪ ਲੈਣਾ ਨੁਕਸਾਨਦੇਹ ਹੋ ਸਕਦਾ ਹੈ।