ਨਿਊਜ਼ੀਲੈਂਡ ਨੇ ਐਤਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤ ਲਿਆ ਹੈ। ਤਜਰਬੇਕਾਰ ਅਮੇਲੀਆ ਕੇਰ (43) ਅਤੇ ਬਰੂਕ ਹੈਲੀਡੇ (38) ਦੀ ਚੌਥੀ ਵਿਕਟ ਲਈ 44 ਗੇਂਦਾਂ ’ਚ 57 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ’ਚ ਦਖਣੀ ਅਫਰੀਕਾ ਵਿਰੁਧ  ਪੰਜ ਵਿਕਟਾਂ ’ਤੇ  158 ਦੌੜਾਂ ਬਣਾਈਆਂ।

    ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਰੋਜ਼ਮੈਰੀ ਮੇਅਰ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਤਿੰਨ-ਤਿੰਨ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ’ਤੇ 126 ਦੌੜਾਂ ’ਤੇ ਰੋਕ ਦਿਤਾ ਅਤੇ ਫ਼ਾਈਨਲ ਮੈਚ 32 ਦੌੜਾਂ ਨਾਲ ਜਿੱਤ ਲਿਆ। ਦੱਖਣੀ ਅਫਰੀਕਾ ਲਈ ਕਪਤਾਨ ਲੌਰਾ ਵੋਲਵੂਰਟ ਨੇ 33 ਦੌੜਾਂ ਬਣਾਈਆਂ।

    ਕੇਰ ਨੇ ਅਪਣੀ 38 ਗੇਂਦਾਂ ਦੀ ਪਾਰੀ ਵਿਚ ਚਾਰ ਚੌਕੇ ਲਗਾਏ ਜਦਕਿ ਹੈਲੀਡੇ ਨੇ 28 ਗੇਂਦਾਂ ਦੀ ਹਮਲਾਵਰ ਪਾਰੀ ਵਿਚ ਤਿੰਨ ਚੌਕੇ ਲਗਾਏ। ਟੀਮ ਲਈ ਸੂਜ਼ੀ ਬੇਟਸ ਨੇ ਵੀ 31 ਗੇਂਦਾਂ ’ਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਦਾ ਯੋਗਦਾਨ ਦਿਤਾ। ਦਖਣੀ ਅਫਰੀਕਾ ਲਈ ਐਨ ਮਲਾਬਾ ਨੇ ਦੋ ਜਦਕਿ ਅਯਾਬੋਂਗਾ ਖਾਕਾ, ਕਲੋਈ ਟ੍ਰਿਓਨ ਅਤੇ ਨਦੀਨ ਡੀ ਕਲੇਰਕ ਨੂੰ ਇਕ-ਇਕ ਸਫਲਤਾ ਮਿਲੀ।

    ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ  ਜਾਰਜੀਆ ਪਲਿਮਰ ਨੇ ਪਹਿਲੇ ਓਵਰ ’ਚ ਮਾਰੀਜਾਨ ਕੈਪ ਵਿਰੁਧ  ਦੋ ਚੌਕੇ ਲਗਾਏ ਪਰ ਖਾਕਾ ਨੇ ਅਗਲੇ ਹੀ ਓਵਰ ’ਚ ਅਪਣੀ 9 ਦੌੜਾਂ ਦੀ ਪਾਰੀ ਖਤਮ ਕਰ ਕੇ ਦਖਣੀ ਅਫਰੀਕਾ ਨੂੰ ਪਹਿਲੀ ਸਫਲਤਾ ਦਿਵਾਈ।

    ਅਮੇਲੀਆ ਕੇਰ ਨੇ ਕ੍ਰੀਜ਼ ’ਤੇ  ਆਉਂਦੇ ਹੀ ਚੌਕੇ ਨਾਲ ਖਾਤਾ ਖੋਲ੍ਹਿਆ, ਜਦਕਿ ਬੇਟਸ ਨੇ ਖਾਕਾ ਵਿਰੁਧ  ਚੌਥੇ ਓਵਰ ਦਾ ਅੰਤ ਚੌਕੇ ਨਾਲ ਕੀਤਾ। ਉਸ ਨੇ  ਛੇਵੇਂ ਓਵਰ ’ਚ ਮਲਾਬਾ ਵਿਰੁਧ  ਅਪਣੀ ਪਾਰੀ ਦਾ ਤੀਜਾ ਚੌਕਾ ਮਾਰਿਆ ਜਿਸ ਨਾਲ ਨਿਊਜ਼ੀਲੈਂਡ ਨੇ ਪਾਵਰ ਪਲੇਅ ’ਚ ਇਕ  ਵਿਕਟ ’ਤੇ  43 ਦੌੜਾਂ ਬਣਾਈਆਂ। ਮਲਾਬਾ ਨੇ ਅੱਠਵੇਂ ਓਵਰ ’ਚ ਬੇਟਸ ਨੂੰ ਗੇਂਦਬਾਜ਼ੀ ਕੀਤੀ।

    ਦਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਵੱਡਾ ਸ਼ਾਟ ਖੇਡਣ ਦਾ ਮੌਕਾ ਨਹੀਂ ਦਿਤਾ ਪਰ ਟੀਮ ਨੇ ਦੌੜ ਕੇ ਦੌੜਾਂ ਬਣਾਈਆਂ ਅਤੇ 10 ਓਵਰਾਂ ’ਚ 70 ਦੌੜਾਂ ਬਣਾਈਆਂ। ਅਗਲੇ ਓਵਰ ਵਿਚ ਡੀ ਕਲੇਰਕ ਨੇ ਕਪਤਾਨ ਸੋਫੀ ਡਿਵਾਇਨ (ਛੇ) ਨੂੰ ਐਲ.ਬੀ.ਡਬਲਯੂ. ਦੇ ਕੇ ਦਖਣੀ ਅਫਰੀਕਾ ਨੂੰ ਵੱਡੀ ਸਫਲਤਾ ਦਿਵਾਈ।

    ਅਮੇਲੀਆ ਕੇਰ ਦੇ ਨਾਲ ਕ੍ਰਿਜ਼ ’ਤੇ  ਆਏ ਬਰੂਕ ਹੈਲੀਡੇ ਨੂੰ ਵੀ ਬਾਊਂਡਰੀ ਤਕ  ਪਹੁੰਚਣ ’ਚ ਮੁਸ਼ਕਲ ਆਈ। ਹੈਲੀਡੇ ਨੇ 14ਵੇਂ ਓਵਰ ਵਿਚ ਸੁਨੇ ਲੂਸ ਦੇ ਵਿਰੁਧ  ਲਗਾਤਾਰ ਦੋ ਚੌਂਕੇ ਲਗਾ ਕੇ 48 ਗੇਂਦਾਂ ਦੇ ਬਾਊਂਡਰੀ ਸੋਕੇ ਨੂੰ ਖਤਮ ਕੀਤਾ। ਟੀਮ ਨੇ 15ਵੇਂ ਓਵਰ ਦੀ ਦੂਜੀ ਗੇਂਦ ’ਤੇ  100 ਦੌੜਾਂ ਪੂਰੀਆਂ ਕੀਤੀਆਂ। ਹੈਲੀਡੇ ਦੇ ਨਾਲ ਕੇਰ ਨੇ ਵੀ ਇਸ ਓਵਰ ’ਚ ਡੀ ਕਲੇਰਕ ਦੇ ਵਿਰੁਧ  ਚੌਕੇ ਲਗਾਏ। ਨਿਊਜ਼ੀਲੈਂਡ ਨੇ ਆਖ਼ਰੀ ਦੋ ਓਵਰਾਂ ’ਚ 25 ਦੌੜਾਂ ਬਣਾ ਕੇ ਅਪਣੀ ਰਨ ਰੇਟ ਤੇਜ਼ ਕਰ ਦਿਤੀ ।

    ਹੈਲੀਡੇ ਨੂੰ 18ਵੇਂ ਓਵਰ ਵਿਚ ਟ੍ਰਿਓਨ ਦੇ ਵਿਰੁਧ  ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਬਾਊਂਡਰੀ ਨੇੜੇ ਅਨੇਕ ਬੋਸ਼ ਨੇ ਕੈਚ ਕੀਤਾ। ਕੇਰ ਨੇ ਅਗਲੇ ਓਵਰ ਵਿਚ ਮਲਾਬਾ ਦੇ ਵਿਰੁਧ  ਲਗਾਤਾਰ ਗੇਂਦਾਂ ਮਾਰੀਆਂ। ਹਾਲਾਂਕਿ ਉਸ ਨੂੰ ਇਕ ਹੋਰ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਤਾਜ਼ਮੀਨ ਬ੍ਰਿਟਿਸ਼ ਨੇ ਫੜ ਲਿਆ। ਮੈਡੀ ਗ੍ਰੀਨ (ਨਾਬਾਦ 12) ਨੇ ਆਖਰੀ ਓਵਰ ’ਚ ਖਾਕਾ ਵਿਰੁਧ  ਟੀਮ ਦੇ 158 ਦੌੜਾਂ ਦੇ ਸਕੋਰ ਤਕ  ਪਹੁੰਚਣ ’ਚ ਮਹੱਤਵਪੂਰਨ ਯੋਗਦਾਨ ਦਿਤਾ।