ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਨਾਲ ਉਸ ਦੇ 16 ਸਾਲ ਦੇ ਕਰੀਅਰ ਦਾ ਅੰਤ ਹੋ ਗਿਆ।  2008 ਵਿੱਚ 14 ਸਾਲ ਦੀ ਉਮਰ ਵਿੱਚ ਓਲੰਪਿਕ ਕੁਆਲੀਫਾਇਰ ਵਿੱਚ ਆਪਣਾ ਡੈਬਿਊ ਕਰਨ ਵਾਲੀ ਰਾਣੀ ਨੇ ਭਾਰਤ ਲਈ ਆਪਣੇ 254 ਮੈਚਾਂ ਵਿੱਚ 205 ਗੋਲ ਕੀਤੇ। ਰਾਣੀ ਹਰਿਆਣਾ ਦੀ ਰਹਿਣ ਵਾਲੀ ਹੈ।ਰਾਣੀ ਨੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਇਹ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਭਾਰਤ ਲਈ ਖੇਡਾਂਗੀ। ਮੈਂ ਬਚਪਨ ਤੋਂ ਹੀ ਬਹੁਤ ਗਰੀਬੀ ਦੇਖੀ ਹੈ ਪਰ ਮੇਰਾ ਧਿਆਨ ਹਮੇਸ਼ਾ ਦੇਸ਼ ਦੀ ਪ੍ਰਤੀਨਿਧਤਾ ਕਰਨ ‘ਤੇ ਸੀ।

    ਰਾਣੀ ਦੀ ਕਪਤਾਨੀ ਵਿੱਚ, ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿੱਚ ਇਤਿਹਾਸਕ ਚੌਥਾ ਸਥਾਨ ਹਾਸਲ ਕੀਤਾ, ਜੋ ਕਿ ਟੀਮ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਓਲੰਪਿਕ ਰੈਂਕਿੰਗ ਹੈ। ਇਸ ਤੋਂ ਇਲਾਵਾ, ਉਸ ਨੇ ਕਈ ਵੱਡੀਆਂ ਜਿੱਤਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਵਿੱਚ 2017 ਦੇ ਮਹਿਲਾ ਏਸ਼ੀਅਨ ਕੱਪ ਵਿਚ ਚਾਂਦੀ ਦਾ ਤਗਮਾ ਅਤੇ 2018 ਦੀਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਸ਼ਾਮਲ ਹੈ।ਰਾਣੀ ਨੂੰ 2016 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2020 ਵਿੱਚ, ਉਸ ਨੂੰ ਭਾਰਤ ਦਾ ਸਰਵਉੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਚੌਥਾ ਸਭ ਤੋਂ ਉੱਚਾ ਭਾਰਤੀ ਰਾਸ਼ਟਰੀ ਸਨਮਾਨ ਪਦਮ ਸ਼੍ਰੀ ਮਿਲਿਆ। ਰਾਣੀ ਨੂੰ 2010 ਦੇ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਟੂਰਨਾਮੈਂਟ ਦੀ ਸਰਵੋਤਮ ਨੌਜਵਾਨ ਖਿਡਾਰਨ ਅਤੇ 2013 ਜੂਨੀਅਰ ਵਿਸ਼ਵ ਕੱਪ ਵਿੱਚ ਟੂਰਨਾਮੈਂਟ ਦੀ ਸਰਵੋਤਮ ਖਿਡਾਰੀ ਚੁਣਿਆ ਗਿਆ।