ਤਰਨਤਾਰਨ : ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਵਿਖੇ ਨਿੱਜੀ ਰੰਜਿਸ਼ ਦੇ ਚਲਦਿਆਂ ਗੁਆਂਢੀ ਵੱਲੋਂ ਦੋ ਔਰਤਾਂ ਨਾਲ ਮਿਲ ਕੇ 60 ਸਾਲਾਂ ਬਜ਼ੁਰਗ ਦੀ ਕੁੱਟ ਕੁੱਟ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਮ੍ਰਿਤਕ ਵਿਅਕਤੀ ਦੀ ਪਹਿਚਾਣ ਚਰਨ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਮਰਗਿੰਦਪੁਰਾ ਵਜੋਂ ਹੋਈ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਪਤਨੀ ਚਰਨ ਸਿੰਘ ਵਾਸੀ ਮਰਗਿੰਦਪੁਰਾ ਨੇ ਦੱਸਿਆ ਕਿ ਉਸਦਾ ਪਤੀ ਪਿੰਡਾਂ ਵਿੱਚ ਫੇਰੀ ਦਾ ਕੰਮ ਕਰਦਾ ਸੀ। ਉਸਨੇ ਦੱਸਿਆ ਕਿ ਸਾਡੇ ਘਰ ਦੇ ਨਜ਼ਦੀਕ ਪਿੰਡ ਵਿੱਚ ਸ਼ਾਮਲਾਟ ਦੀ ਜਗ੍ਹਾ ਸੀ ਅਤੇ ਅਸੀਂ ਕਾਫੀ ਦੇਰ ਤੋਂ ਉੱਥੇ ਪਾਥੀਆਂ ਪੱਥਦੇ ਸੀ ਅਤੇ ਸਾਡੇ ਗੁਆਂਢੀ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਮਰਗਿੰਦਪੁਰਾ ਹੋਰੀ ਵੀ ਉੱਥੇ ਪਾਥੀਆਂ ਪੱਥ ਦੇ ਸਨ।
ਸਾਨੂੰ ਇਸ ਜਗ੍ਹਾ ’ਤੇ ਪਾਥੀਆਂ ਪੱਥਣ ਤੋਂ ਰੋਕਦੇ ਸੀ ਕਿ ਅੱਜ ਦੁਪਹਿਰ 2 ਵਜੇ ਸ਼ਮਸ਼ਾਨ ਘਾਟ ਦੀ ਜਗ੍ਹਾ ਤੇ ਪਾਥੀਆਂ ਪੱਥਣ ਲਈ ਗਈ ਸੀ ਤਾਂ ਉਥੇ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ ਹਰਮਨ ਕੌਰ ਪਤਨੀ ਬੂਟਾ ਸਿੰਘ ਅਤੇ ਅਮਨ ਕੌਰ ਪਤਨੀ ਸੇਵਕ ਸਿੰਘ ਵਾਸੀਣ ਮਰਗਿੰਦਪੁਰਾ ਪਹਿਲਾਂ ਤੋਂ ਹੀ ਮੌਜੂਦ ਸੀ। ਜਿਨਾਂ ਨੇ ਮੈਨੂੰ ਪਾਥੀਆਂ ਪੱਥਣ ਤੋਂ ਰੋਕਿਆ ਤਾਂ ਇਹਨਾਂ ਦੀ ਮੇਰੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਇਹ ਮੇਰੇ ਗੱਲ ਪੈ ਗਏ ਤਾਂ ਮੇਰੇ ਪਤੀ ਚਰਨ ਸਿੰਘ ਜੋ ਕਿ ਘਰ ’ਚ ਮੌਜੂਦ ਸੀ ਜਿਸ ਨੇ ਰੌਲਾ ਪਾਉਂਦੇ ਹੋਏ ਆਵਾਜ਼ ਸੁਣ ਕੇ ਮੈਨੂੰ ਛਡਾਉਣ ਲਈ ਸ਼ਾਮਲਾਟ ਜਗ੍ਹਾ ’ਤੇ ਆਇਆ ਅਤੇ ਮੈਨੂੰ ਉਕਤ ਦੋਸ਼ੀਆਂ ਤੋਂ ਛੁਡਵਾਉਣ ਲੱਗਾ।
ਪਰ ਉਕਤ ਤਿੰਨੇ ਦੋਸ਼ੀਆਂ ਨਾ ਮੇਰੇ ਪਤੀ ਚਰਨ ਸਿੰਘ ਦੇ ਗਲ ਪੈ ਗਏ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਇਹ ਤਿੰਨੇ ਜਣੇ ਉਸ ਦੇ ਮਾਰਨ ਲੱਗ ਪਏ ਤਾਂ ਇਸ ਦੌਰਾਨ ਮੇਰੇ ਪਤੀ ਦੀ ਗੁਪਤ ਜਗ੍ਹਾ ’ਤੇ ਸੱਟ ਲੱਗ ਗਈ ਜਦੋਂ ਮੈ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਕਤਾਨ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਕੁਲਵੰਤ ਕੌਰ ਨੇ ਦੱਸਿਆ ਕਿ ਜਦੋਂ ਉਸੇ ਦੌਰਾਨ ਉਹ ਆਪਣੇ ਪਤੀ ਨੂੰ ਨਿੱਜੀ ਹਸਪਤਾਲ ਭਿੱਖੀਵਿੰਡ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕੁਲਵੰਤ ਕੌਰ ਨੇ ਆਪਣੇ ਪਤੀ ਦੇ ਕਤਲ ਲਈ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ ਸੰਬੰਧੀ ਥਾਣਾ ਕੱਚਾ ਪੱਕਾ ਦੇ ਮੁਖੀ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਇੱਕ ਵਿਅਕਤੀ ਅਤੇ ਦੋ ਔਰਤਾਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਜਲਦ ਹੀ ਦੋਸ਼ੀ ਗ੍ਰਿਫ਼ਤਾਰ ਕਰ ਲਏ ਜਾਣਗੇ।