ਵਿਸ਼ਵ ਸਿਹਤ ਮੰਤਰਾਲੇ ਮੁਤਾਬਕ ਭਾਰਤ ’ਚ 1901 ਤੋਂ ਬਾਅਦ ਇਸ ਸਾਲ ਅਕਤੂਬਰ ਦਾ ਸੱਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਅਤੇ ਔਸਤ ਤਾਪਮਾਨ ਇਸ ਮੌਸਮ ਦੇ ਔਸਤ ਤੋਂ 1.23 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਮੌਸਮ ਵਿਭਾਗ ਨੇ ਨਵੰਬਰ ’ਚ ਵੀ ਗਰਮ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਆਉਣ ਵਾਲੀ ਸਰਦੀਆਂ ਬਾਰੇ ਕੋਈ ਸੰਕੇਤ ਨਹੀਂ ਦਿਤਾ ਹੈ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮ੍ਰਿਤਿਊਂਜੈ ਮਹਾਪਾਤਰਾ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ ’ਚ ਸਰਗਰਮ ਘੱਟ ਦਬਾਅ ਪ੍ਰਣਾਲੀਆਂ ਦੀ ਅਣਹੋਂਦ ਕਾਰਨ ਪੂਰਬੀ ਹਵਾਵਾਂ ਨੂੰ ਗਰਮ ਮੌਸਮ ਦਾ ਕਾਰਨ ਦਸਿਆ।
ਮਹਾਪਾਤਰਾ ਨੇ ਕਿਹਾ ਕਿ ਅਕਤੂਬਰ ’ਚ ਔਸਤ ਤਾਪਮਾਨ 26.92 ਡਿਗਰੀ ਸੈਲਸੀਅਸ ਰਿਹਾ, ਜੋ 1901 ਤੋਂ ਬਾਅਦ ਦਾ ਸੱਭ ਤੋਂ ਗਰਮ ਤਾਪਮਾਨ ਹੈ, ਜਦਕਿ ਆਮ ਤਾਪਮਾਨ 25.69 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਮਹੀਨੇ ਪੂਰੇ ਦੇਸ਼ ’ਚ 20.01 ਡਿਗਰੀ ਸੈਲਸੀਅਸ ਮੁਕਾਬਲੇ ਆਮ ਘੱਟੋ-ਘੱਟ ਤਾਪਮਾਨ 21.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮਹਾਪਾਤਰਾ ਨੇ ਕਿਹਾ, ‘‘ਉੱਤਰ-ਪਛਮੀ ਭਾਰਤ ’ਚ ਤਾਪਮਾਨ ਡਿੱਗਣ ਲਈ ਉੱਤਰ-ਪਛਮੀ ਹਵਾਵਾਂ ਦੀ ਲੋੜ ਹੁੰਦੀ ਹੈ। ਮਾਨਸੂਨ ਦਾ ਪ੍ਰਵਾਹ ਵੀ ਵੇਖਿਆ ਗਿਆ ਹੈ, ਜੋ ਤਾਪਮਾਨ ਨੂੰ ਡਿੱਗਣ ਨਹੀਂ ਦਿੰਦਾ।’’ ਉਨ੍ਹਾਂ ਕਿਹਾ ਕਿ ਉੱਤਰ-ਪਛਮੀ ਮੈਦਾਨੀ ਇਲਾਕਿਆਂ ’ਚ ਤਾਪਮਾਨ ਘੱਟੋ-ਘੱਟ ਅਗਲੇ ਦੋ ਹਫਤਿਆਂ ਤਕ ਆਮ ਨਾਲੋਂ 2-5 ਡਿਗਰੀ ਵੱਧ ਰਹੇਗਾ, ਜਿਸ ਤੋਂ ਬਾਅਦ ਹੌਲੀ-ਹੌਲੀ ਇਸ ’ਚ ਗਿਰਾਵਟ ਆਵੇਗੀ।
ਮਹਾਪਾਤਰਾ ਨੇ ਕਿਹਾ ਕਿ ਮੌਸਮ ਵਿਭਾਗ ਨਵੰਬਰ ਨੂੰ ਸਰਦੀਆਂ ਦੇ ਮਹੀਨੇ ਵਜੋਂ ਨਹੀਂ ਗਿਣਦਾ। ਉਨ੍ਹਾਂ ਕਿਹਾ ਕਿ ਜਨਵਰੀ ਅਤੇ ਫ਼ਰਵਰੀ ਨੂੰ ਸਰਦੀਆਂ ਦਾ ਮਹੀਨਾ ਮੰਨਿਆ ਜਾਂਦਾ ਹੈ, ਜਦਕਿ ਦਸੰਬਰ ’ਚ ਠੰਡ ਦੇ ਸੰਕੇਤ ਮਿਲਦੇ ਹਨ।
ਦਖਣੀ ਪ੍ਰਾਇਦੀਪ ’ਚ ਉੱਤਰ-ਪੂਰਬੀ ਮਾਨਸੂਨ ਕਾਰਨ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ, ਰਾਇਲਸੀਮਾ, ਕੇਰਲ ਅਤੇ ਮਾਹੇ ਅਤੇ ਦਖਣੀ ਅੰਦਰੂਨੀ ਕਰਨਾਟਕ ’ਚ ਨਵੰਬਰ ’ਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪਛਮੀ ਭਾਰਤ ਅਤੇ ਮੱਧ ਭਾਰਤ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ, ‘‘ਉੱਤਰ-ਪਛਮੀ ਭਾਰਤ ਅਤੇ ਮੱਧ ਭਾਰਤ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ।’’