ਆਏ ਦਿਨ ਵਿਦੇਸ਼ਾਂ ਵਿੱਚ ਭਾਰਤੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਸ਼ਾਹਕੋਟ (ਜਲੰਧਰ) ਤੋਂ ਸਾਹਮਣੇ ਆਇਆ ਹੈ। ਜਿੱਥੇ 5 ਸਾਲ ਪਹਿਲਾਂ ਗ੍ਰੀਸ ਗਏ  ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ।

    ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਸਰਬਜੀਤ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਦੱਸਿਆ ਕਿ ਉਸ ਦਾ ਭਰਾ ਧਰਮਿੰਦਰ ਸਿੰਘ ਲੱਕੀ (42), ਜੋ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ, ਦੀ ਸ਼ੱਕੀ ਹਾਲਤਾ ’ਚ ਮੌਤ ਹੋ ਗਈ ਹੈ। ਉਸ ਨੂੰ ਧਰਮਿੰਦਰ ਸਿੰਘ ਦੇ ਦੋਸਤ ਜੋ ਕਿ ਗੁਆਂਢੀ ਪਿੰਡ ਦਾ ਹੀ ਸੀ ਉਸ ਨੇ ਗ੍ਰੀਸ ਤੋਂ ਵ੍ਹਟਸਐੱਪ ’ਤੇ ਉਸ ਦੇ ਭਰਾ ਧਰਮਿੰਦਰ ਸਿੰਘ ਦੀ ਫੋਟੋ ਭੇਜੀ ਅਤੇ ਉਸ ਦੇ ਭਰਾ ਦੀ ਮੌਤ ਹੋਣ ਬਾਰੇ ਦੱਸਿਆ ਗਿਆ।

    ਉਕਤ ਨੌਜਵਾਨ ਨੂੰ ਫੋਨ ਕਰਨ ’ਤੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਗ੍ਰੀਸ ਰਹਿੰਦੇ ਕਿਸੇ ਰਿਸ਼ਤੇਦਾਰ ਨੇ ਇਹ ਫੋਟੋ ਭੇਜੀ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਾਫ਼ੀ ਮੁਸ਼ਕੱਤ ਤੋਂ ਬਾਅਦ ਗ੍ਰੀਸ ’ਚ ਉਸ ਦੇ ਭਰਾ ਦੇ ਨਜ਼ਦੀਕ ਰਹਿੰਦੇ ਹੋਰ ਪੰਜਾਬੀ ਨੌਜਵਾਨਾਂ ਦਾ ਨੰਬਰ ਲੱਭ ਕੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਧਰਮਿੰਦਰ ਸਿੰਘ ਦੀ ਲਾਸ਼ ਸਮੁੰਦਰ ਦੇ ਕਿਨਾਰਿਓਂ ਮਿਲੀ ਹੈ ਅਤੇ ਇਸ ਵੇਲੇ ਲਾਸ਼ ਹਸਪਤਾਲ ਵਿਚ ਹੈ। ਉਸ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

    ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਭਰਾ 3 ਦਿਨ ਪਹਿਲਾਂ ਹੀ ਆਪਣਾ ਪੁਰਾਣਾ ਕੰਮ ਛੱਡ ਕੇ ਕਿਤੇ ਹੋਰ ਚਲਾ ਗਿਆ ਸੀ। ਉਸ ਕੋਲ ਉਸ ਦਾ ਬੈੱਗ ਅਤੇ ਪੈਸੇ ਵੀ ਸਨ ਪਰ ਉਸ ਦੇ ਭਰਾ ਦੀ ਲਾਸ਼ ਕੋਲ ਉਸ ਦਾ ਕੋਈ ਵੀ ਸਾਮਾਨ ਨਹੀਂ ਮਿਲਿਆ।

    ਸਰਬਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਸ ਦੇ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।