ਯੂਪੀ ਦੇ ਆਗਰਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਉਤੇ ਡਿੱਗਦੇ ਹੀ ਜਹਾਜ਼ ਨੂੰ ਅੱਗ ਲੱਗ ਗਈ। ਆਪਣੀ ਜਾਨ ਬਚਾਉਣ ਲਈ ਪਾਇਲਟ ਅਤੇ ਇੱਕ ਸਾਥੀ ਉੱਡਦੇ ਜਹਾਜ਼ ਵਿਚੋਂ ਪੈਰਾਸ਼ੂਟ ਰਾਹੀਂ ਸੁਰੱਖਿਅਤ ਨਿਕਲ ਗਏ। ਫਿਲਹਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਸੈਨਾ ਦਾ ਇਕ ਜਹਾਜ਼ ਕਰੈਸ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਅੱਗ ਲੱਗ ਗਈ। ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਕਿਸੇ ਤਰ੍ਹਾਂ ਜਹਾਜ਼ ਨੂੰ ਖਾਲੀ ਖੇਤ ਵੱਲ ਲਿਆਂਦਾ।

    ਇਸ ਤੋਂ ਪਹਿਲਾਂ ਕਿ ਜਹਾਜ਼ ਕਿਸੇ ਵੀ ਆਬਾਦੀ ਵਾਲੇ ਖੇਤਰ ਉਤੇ ਡਿੱਗਦਾ, ਪਾਇਲਟ ਨੇ ਇਸ ਨੂੰ ਖੇਤਾਂ ਵਿਚ ਡੇਗ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਡਿੱਗਣ ਤੋਂ ਕੁਝ ਸੈਕਿੰਡ ਪਹਿਲਾਂ ਪਾਇਲਟ ਅਤੇ ਉਸ ਦਾ ਸਾਥੀ ਸੁਰੱਖਿਅਤ ਨਿਕਲ ਗਏ। ਦੋਵੇਂ ਹਾਦਸੇ ਵਾਲੀ ਥਾਂ ਦੇ ਨੇੜੇ ਹੀ ਮਿਲੇ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ।

    ਹਵਾਈ ਸੈਨਾ ਦੇ ਸੂਤਰਾਂ ਅਨੁਸਾਰ ਇਹ ਜਹਾਜ਼ ਐਮਆਈਜੀ 219 ਹੈ, ਜਿਸ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ। ਘਟਨਾ ਵਾਲੀ ਥਾਂ ਉਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਚਿਆ ਕਿ ਕਿਸੇ ਏਲੀਅਨ ਨੇ ਅਸਮਾਨ ਤੋਂ ਹਮਲਾ ਕੀਤਾ ਹੈ। ਤੇਜ਼ ਸ਼ੋਰ ਨਾਲ ਅੱਗ ਦਾ ਗੋਲਾ ਅਚਾਨਕ ਮੈਦਾਨ ਦੇ ਵਿਚਕਾਰ ਜਾ ਡਿੱਗਿਆ। ਜਿਸ ਤੋਂ ਬਾਅਦ ਜਹਾਜ਼ ‘ਚੋਂ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ।