ਕੈਨੇਡਾ ਨੇ ਭਾਰਤ ਦੇ ਭਗੌੜੇ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਅਪਰਾਧੀ ਸੰਦੀਪ ਸਿੰਘ ਸਿੱਧੂ ਉਰਫ਼ ਸੰਨੀ ਟੋਰਾਂਟੋ ਨੂੰ ਬੇਕਸੂਰ ਕਰਾਰ ਦਿੱਤਾ ਹੈ। ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਸੰਨੀ ਵਿਰੁੱਧ ਅਤਿਵਾਦ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ। ਏਜੰਸੀ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਸੰਨੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵਿੱਚ ਤਾਇਨਾਤ ਸੀ। ਉਨ੍ਹਾਂ ਨੂੰ ਮੁੜ ਸੁਪਰਡੈਂਟ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਸੰਨੀ ‘ਤੇ ਭਾਰਤ ‘ਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਦਾ ਦੋਸ਼ ਹੈ।
ਬਲਵਿੰਦਰ ਸਿੰਘ ਸੰਧੂ ਪੇਸ਼ੇ ਤੋਂ ਅਧਿਆਪਕ ਅਤੇ ਗਰਮਖਿਆਲੀ ਸੀ। 90 ਦੇ ਦਹਾਕੇ ਵਿੱਚ ਪੰਜਾਬ ਵਿਚ ਅਤਿਵਾਦ ਵਿਰੁੱਧ ਲੜਨ ਲਈ ਉਸ ਨੂੰ 1993 ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 16 ਅਕਤੂਬਰ 2020 ਨੂੰ ਭਿੱਖੀਵਿੰਡ ਵਿੱਚ ਉਸ ਦੇ ਘਰ ਦੇ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਸੰਨੀ ਟੋਰਾਂਟੋ ਨੇ ਉਨ੍ਹਾਂ ਨੂੰ ਸੰਧੂ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਉਸ ਨੇ ਦੋ ਹੋਰ ਅਪਰਾਧੀਆਂ ਸੁਖਮੀਤ ਪਾਲ ਸਿੰਘ ਅਤੇ ਲਖਵੀਰ ਸਿੰਘ ਦਾ ਨਾਮ ਵੀ ਲਿਆ। ਦੋਵੇਂ ਗਰਮਖਿਆਲੀ ਕਾਰਕੁਨ ਹਨ।
ਨੈਸ਼ਨਲ ਇੰਟੈਲੀਜੈਂਸ ਏਜੰਸੀ (NIA) ਮੁਤਾਬਕ ਸੰਨੀ ਖਾਲਿਸਤਾਨੀ ਅਤਿਵਾਦੀਆਂ ਨਾਲ ਜੁੜਿਆ ਹੋਇਆ ਹੈ। ਉਸ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਹਨ। ਸੰਧੂ ਦੇ ਕਤਲ ਵਿੱਚ ਸੰਨੀ ਅਤੇ ਆਈਐਸਆਈ ਦੀ ਮਿਲੀਭੁਗਤ ਦੇ ਵੀ ਦੋਸ਼ ਹਨ।
ਸੰਨੀ ‘ਤੇ ਪੰਜਾਬ ‘ਚ ਅਤਿਵਾਦ ਫੈਲਾਉਣ ਅਤੇ ਕਈ ਪਾਕਿਸਤਾਨੀ ਅਤਿਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਹੈ। ਇਸ ਸਾਲ ਅਕਤੂਬਰ ‘ਚ ਭਾਰਤ ਸਰਕਾਰ ਨੇ ਸੰਨੀ ਨੂੰ ਭਗੌੜੇ ਅਤਿਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਸੀ। ਸੰਨੀ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦਾ ਮੈਂਬਰ ਵੀ ਹੈ।