ਬ੍ਰਿਟੇਨ ਦੇ ਲੰਡਨ ‘ਚ ਇਕ 24 ਸਾਲਾ ਭਾਰਤੀ ਮੂਲ ਦੀ ਔਰਤ ਦੀ ਕਾਰ ਦੇ ਟਰੰਕ ‘ਚੋਂ ਲਾਸ਼ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਦੀ ਹੱਤਿਆ ਉਸਦੇ ਭਾਰਤੀ ਮੂਲ ਦੇ ਪਤੀ ਨੇ ਕੀਤੀ ਹੈ ਕਿਉਂਕਿ ਉਹ ਵੀ ਫਰਾਰ ਹੈ। ਇਹੀ ਕਾਰਨ ਹੈ ਕਿ ਪੁਲਿਸ ਮਹਿਲਾ ਦੇ ਪਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਇਸ ਮਹੀਨੇ ਦੀ ਸ਼ੁਰੂਆਤ ‘ਚ ਵਾਪਰੀ ਸੀ ਅਤੇ ਹੁਣ ਤੱਕ ਔਰਤ ਦੇ ਪਤੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਹੋ ਸਕਦਾ ਹੈ।

    ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ‘ਚ ਬ੍ਰਿਸਬੇਨ ਰੋਡ ‘ਤੇ 24 ਸਾਲਾ ਹਰਸ਼ਿਤਾ ਬਰੇਲਾ ਦੀ ਲਾਸ਼ ਇਕ ਲਾਵਾਰਸ ਕਾਰ ‘ਚੋਂ ਮਿਲੀ ਸੀ। ਕਾਰ ਦੇ ਟਰੰਕ ‘ਚੋਂ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਤੋਂ ਬਾਅਦ ਔਰਤ ਦੇ ਭਾਰਤੀ ਮੂਲ ਦੇ ਪਤੀ ਪੰਕਜ ਲਾਂਬਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਤੀ ਹੀ ਕਾਤਲ ਹੋ ਸਕਦਾ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਲਈ 60 ਡਿਟੈਕਟਿਵਸ ਦੀ ਟੀਮ ਤਾਇਨਾਤ ਕਰ ਦਿੱਤੀ ਹੈ ਪਰ ਅਜੇ ਤੱਕ ਪੰਕਜ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।ਹਰਸ਼ਿਤਾ ਨਾਲ ਆਖਰੀ ਵਾਰ 10 ਨਵੰਬਰ ਦੀ ਸ਼ਾਮ ਨੂੰ ਗੱਲ ਹੋਈ ਸੀ, ਜਦੋਂ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰਾਤ ਦਾ ਖਾਣਾ ਬਣਾ ਰਹੀ ਹੈ ਅਤੇ ਆਪਣੇ ਪਤੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ। ਚਿੰਤਾ ਉਦੋਂ ਵਧ ਗਈ ਜਦੋਂ ਉਸਦਾ ਫੋਨ ਦੋ ਦਿਨਾਂ ਤੱਕ ਬੰਦ ਰਿਹਾ, ਜਿਸ ਕਾਰਨ ਉਸਦੇ ਪਰਿਵਾਰ ਨੇ 13 ਨਵੰਬਰ ਨੂੰ ਨੌਰਥੈਂਪਟਨਸ਼ਾਇਰ ਪੁਲਿਸ ਨਾਲ ਸੰਪਰਕ ਕੀਤਾ।

    ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਸ਼ਿਤਾ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਨੌਰਥੈਂਪਟਨਸ਼ਾਇਰ ਦੇ ਕੋਰਬੀ ‘ਚ ਸਕੈਗਨੈੱਸ ਵਾਕ ਇਲਾਕੇ ‘ਚ ਸਥਿਤ ਹਰਸ਼ਿਤਾ ਦੇ ਘਰ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਵੀ ਕੋਈ ਨਹੀਂ ਮਿਲਿਆ। ਪੁਲਿਸ ਹਰਸ਼ਿਤਾ ਦੇ ਲਾਪਤਾ ਹੋਣ ਦੀ ਜਾਂਚ ਕਰ ਰਹੀ ਸੀ ਜਦੋਂ ਉਨ੍ਹਾਂ ਨੂੰ ਪਿਛਲੇ ਵੀਰਵਾਰ ਨੂੰ ਇਲਫੋਰਡ ਖੇਤਰ ਵਿੱਚ ਇੱਕ ਕਾਰ ਦੇ ਟਰੰਕ ਵਿੱਚ ਉਸਦੀ ਲਾਸ਼ ਮਿਲੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਰਸ਼ਿਤਾ ‘ਤੇ ਕਿਸੇ ਜਾਣਕਾਰ ਨੇ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਹਰਸ਼ਿਤਾ ਦਾ ਪਤੀ ਵੀ ਲਾਪਤਾ ਹੋਣ ਕਾਰਨ ਸ਼ੱਕ ਦੀ ਸੂਈ ਉਸ ਵੱਲ ਘੁੰਮ ਗਈ ਹੈ।