ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ):- ਫ਼ਿਰੋਜ਼ਪੁਰ ਅੰਦਰ ਲਗਾਤਾਰ ਵੱਧ ਰਹੀਆਂ ਵਾਰਦਾਤਾਂ, ਲੁੱਟਾਂ-ਖੋਹਾਂ, ਚੋਰੀਆਂ, ਨਸ਼ੇ ਅਤੇ ਜ਼ਿਲ੍ਹਾ ਪੁਲਸ ਕੋਲ ਪੈਂਡਿੰਗ ਪਈਆਂ ਦਰਖ਼ਾਸਤਾਂ ਦਾ ਨਿਪਟਾਰਾ ਨਾ ਹੋਣ ਖ਼ਿਲਾਫ਼ ਆਵਾਜ਼ ਚੁੱਕਣ ਤੋਂ ਬਾਅਦ ਪੁਲਸ ਵੱਲੋਂ ਪੱਤਰਕਾਰਾਂ ਖ਼ਿਲਾਫ਼ ਕਰਵਾਈਆਂ ਕਰਨ ਲਈ ਹਿਲਜੁੱਲ ਕਰਨ ਖ਼ਿਲਾਫ਼ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਚ ਪੱਤਰਕਾਰਾਂ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਉਕਤ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਗੱਲਬਾਤ ਕਰਦੇ ਹੋਏ ਪ੍ਰਧਾਨ ਗੁਰਨਾਮ ਸਿੱਧੂ, ਚੇਅਰਮੈਨ ਵਿਜੇ ਸ਼ਰਮਾ, ਜਨਰਲ ਸਕੱਤਰ ਜਤਿੰਦਰ ਪਿੰਕਲ ਨੇ ਸਾਂਝੇ ਰੂਪ ‘ਚ ਕਿਹਾ ਕਿ ਇੱਕ ਨਿੱਜੀ ਚੈਨਲ ਉਪਰ ਪੁਲਸ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਤੋਂ ਬਾਅਦ ਜ਼ਿਲ੍ਹਾ ਪੁਲਸ ਬੁਖਲਾਹਟ ਵਿੱਚ ਆ ਗਈ ਹੈ। ਚੈਨਲ ਉਪਰ ਬੋਲੇ ਗਏ ਸੱਚ ਦੇ ਉਲਟ ਪ੍ਰਧਾਨ ਗੁਰਨਾਮ ਸਿੱਧੂ ਅਤੇ ਸੁਖਵਿੰਦਰ ਸੁੱਖ ਨੂੰ ਟਾਰਗਿਟ ਕੀਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਤਿੰਨ ਦਿਨ ਤੋਂ ਪੁਲਸ ਦਾ ਖੁਫੀਆ ਵਿਭਾਗ ਇਸ ਤਰ੍ਹਾਂ ਤਹਿਕੀਕਾਤ ਕਰ ਰਿਹਾ ਹੈ ਜਿਵੇਂ ਕਿਸੇ ਨਾਮੀ ਗੈਂਗਸਟਰ ਦੀ ਕੀਤੀ ਜਾਂਦੀ ਹੈ। ਪੱਤਰਕਾਰਾਂ ਨੇ ਕਿਹਾ ਕਿ ਕਾਸ਼! ਖੁਫੀਆ ਵਿਭਾਗ ਅਜਿਹੀ ਕਾਰਵਾਈ ਫ਼ਿਰੋਜ਼ਪੁਰ ਅੰਦਰ ਸ਼ਾਂਤੀ ਲਿਆਉਣ ਲਈ ਕਰੇ ਤਾਂ ਕਿਸੇ ਨੂੰ ਬੋਲਣਾ ਹੀ ਨਾ ਪਵੇ।
ਸਤਲੁਜ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੁਲਸ ਦੀਆਂ ਅਜਿਹੀਆਂ ਹਰਕਤਾਂ ਬਰਦਾਰਸ਼ਤ ਨਹੀਂ ਕੀਤੀਆਂ ਜਾਣਗੀਆਂ। ਓਹਨਾ ਕਿਹਾ ਕਿ ਅਗਰ ਕਿਸੇ ਸਾਥੀ ਉੱਤੇ ਝੂਠੇ ਪਰਚੇ ਜਾਂ ਕਿਸੇ ਮਾਮਲੇ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੂਹ ਜਥੇਬੰਦੀਆਂ ਨੂੰ ਨਾਲ ਲੈਕੇ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਓਹਨਾ ਕਿਹਾ ਕਿ ਚੌਥੇ ਥੰਮ ਉੱਤੇ ਅਜਿਹੇ ਵਾਰ ਕਦੇ ਵੀ ਸਹਿਣ ਨਹੀ ਕੀਤੇ ਜਾਣਗੇ। ਪੁਲਸ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਪੱਤਰਕਾਰਾਂ ਉੱਤੇ ਹੀ ਹਮਲੇ ਕਰਨ ਲਈ ਕਾਹਲੇ ਪਈ ਹੋਈ ਹੈ।
ਪ੍ਰਧਾਨ ਨੇ ਕਿਹਾ ਕਿ ਸਾਡੇ ਪੱਤਰਕਾਰ ਸਾਥੀਆਂ ਦੇ ਕਿੰਨੇ ਹੀ ਮਾਮਲੇ ਪੁਲਸ ਕੋਲ ਪਿਛਲੇ ਕਈ ਮਹੀਨਿਆਂ ਦੇ ਪੈਂਡਿੰਗ ਪਏ ਹਨ ਪਰ ਪੁਲਸ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਉਣਾ ਚਾਹੁੰਦੀ।
ਪੱਤਰਕਾਰਾਂ ਨੇ ਇਹ ਵੀ ਕਿਹਾ ਕਿ ਪੁਲਸ ਵਿਭਾਗ ਵਿਚ ਨਸ਼ਾ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਜਾਣ, ਜਿੰਨ੍ਹਾ ਦੀ ਜਾਂਚ ਮਾਣਯੋਗ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਸਾਹਿਬਾਨ ਤੋਂ ਕਰਵਾਏ ਜਾਣ।
ਸਾਥੀਆਂ ਨੇ ਕਿਹਾ ਕਿ 4 ਦਸੰਬਰ ਨੂੰ ਜ਼ਿਲ੍ਹੇ ਦੀਆਂ ਪ੍ਰੈੱਸ ਕਲੱਬਾਂ ਦੀ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਵਿਚ ਸਲਾਹ ਮਸ਼ਵਰਾ ਕਰਨ ਉਪਰੰਤ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਤੇ ਵੱਖ ਵੱਖ ਅਦਾਰਿਆਂ ਨਾਲ ਸਬੰਧਤ ਪੱਤਰਕਾਰ ਸਾਥੀਆਂ ਨੇ ਭਾਗ ਲਿਆ।