ਪਟਿਆਲਾ ਵਿੱਚ ਪਿਛਲੇ ਦਿਨੀ ਘਲੋੜੀ ਗੇਟ ਸ਼ਮਸ਼ਾਨ ਘਾਟ ਦੇ ਵਿੱਚ ਨਵਨੀਤ ਨਾਮਕ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਹੀ ਵਾਰਦਾਤ ਅੰਜਾਮ ਦੇਣ ਵਾਲੇ ਦੋ ਬਜ਼ੁਰਗ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ। ਦੋਨਾਂ ਨੇ ਪ੍ਰੋਪਰਟੀ ਦੇ ਝਗੜੇ ਨੂੰ ਲੈ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਇਸ ਮਾਮਲੇ ਦੇ ਵਿੱਚ ਅੱਜ SSP ਪਟਿਆਲਾ ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 29 ਤਰੀਕ ਨੂੰ 2 ਵਿਅਕਤੀਆਂ ਵੱਲੋਂ ਨਵਨੀਤ ਸਿੰਘ ਨਾਂਅ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਵਜ੍ਹਾ ਮ੍ਰਿਤਕ ਨੌਜਵਾਨ ਨਵਨੀਤ ਨੂੰ ਉਸਦੇ ਪਿਤਾ ਦੇ ਬਹੁਤ ਕਰੀਬੀ ਦੋਸਤ ਹਰਦੀਪ ਸਿੰਘ ਟਿਵਾਣਾ ਉਰਫ ਬਾਬਾ ਪਿੰਡ ਦਿੱਤੂਪੁਰ, ਪਟਿਆਲਾ ਜੋ ਕਿ ਅਨਮੈਰਿਡ ਸੀ ਨੇ ਆਪਣਾ ਮੂੰਹ ਬੋਲਿਆ ਪੁੱਤਰ ਬਣਾ ਲਿਆ ਸੀ।
ਹਰਦੀਪ ਸਿੰਘ ਟਿਵਾਣਾ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਅਤ ਰਾਹੀਂ ਆਪਣੀ ਪ੍ਰੋਪਰਟੀ ਵਿੱਚੋਂ ਇੱਕ ਹੋਟਲ ਬਾਬਾ ਰਿਸੋਰਟ ਧਰਮਪੁਰਾ ਹਿਮਾਚਲ ਪ੍ਰਦੇਸ਼ ਜੋ ਕਿ ਨਵਨੀਤ ਸਿੰਘ ਨੂੰ ਦੇ ਦਿੱਤਾ ਸੀ। ਹਰਦੀਪ ਸਿੰਘ ਟਿਵਾਣਾ ਦੀ ਮੌਤ ਸਾਲ 2020 ਵਿੱਚ ਹੋਈ ਸੀ। ਦੋਸ਼ੀ ਰਘਵੀਰ ਸਿੰਘ ਉਰਫ ਮਿੱਠੂ ਜੋ ਕਿ ਹਰਦੀਪ ਸਿੰਘ ਟਿਵਾਣਾ ਦਾ ਸਕਾ ਭਰਾ ਸੀ ਅਤੇ ਉਹ ਹਰਦੀਪ ਸਿੰਘ ਟਿਵਾਣਾ ਦੀ ਪੂਰੀ ਪ੍ਰਾਪਰਟੀ ਦੇ ਉੱਪਰ ਆਪਣਾ ਹੱਕ ਸਮਝਦਾ ਸੀ। ਪਰ ਨਵਨੀਤ ਸਿੰਘ ਜਿਸ ਦੇ ਨਾਮ ਵਸੀਅਤ ਹੋ ਗਈ ਸੀ ਉਹ ਇਸ ਨੂੰ ਹੋਟਲ ਵਿੱਚ ਹਿੱਸਾ ਨਹੀਂ ਦੇ ਰਿਹਾ ਸੀ। ਇਸ ਕਰਕੇ ਰਘਬੀਰ ਸਿੰਘ ਅਤੇ ਮ੍ਰਿਤਕ ਨਵਨੀਤ ਸਿੰਘ ਦਾ ਆਪਸ ਵਿੱਚ ਕਈ ਵਾਰ ਝਗੜਾ ਵੀ ਹੋਇਆ ਅਤੇ ਪੰਚਾਇਤਾਂ ਰਾਹੀਂ ਇਸ ਦਾ ਸਮਝੌਤਾ ਵੀ ਹੋਇਆ।
ਇਸ ਮਾਮਲੇ ਦੇ ਵਿੱਚ ਮਲਕੀਤ ਸਿੰਘ ਅਤੇ ਰਘਵੀਰ ਸਿੰਘ ਮਿੱਠੂ ਦਾ ਸਾਥ ਦਿੰਦਾ ਸੀ ਕਿਉਂਕਿ ਕਰੋੜਾਂ ਦਾ ਇਹ ਮਸਲਾ ਸੀ। ਇਸੇ ਰੰਜਿਸ਼ ਕਰਕੇ ਦੋਵੇਂ ਦੋਸ਼ੀਆਂ ਨੇ ਨਵਨੀਤ ਸਿੰਘ ਦੇ ਕਤਲ ਦੀ ਵਿਉਂਤਬੰਦੀ ਕਰਕੇ ਉਸ ਨੂੰ ਰਸਤੇ ਦਾ ਰੋੜਾ ਸਮਝਦੇ ਹੋਏ 29 ਤਰੀਕ ਨੂੰ ਘਲੋੜੀ ਗੇਟ ਸ਼ਮਸ਼ਾਨ ਘਾਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦੋਨਾਂ ਦੋਸ਼ੀਆਂ ਦੇ ਕੋਲੋਂ ਇੱਕ ਰਿਵਾਲਵਰ 32 ਬੋਰ ਸਮੇਤ ਦਸ ਰਾਉਂਦ ਅਤੇ ਇੱਕ ਰਾਈਫਲ 315 ਬੋਰ ਸਮੇਤ ਚਾਰ ਰਾਉਂਦ ਅਤੇ ਇੱਕ ਮਾਰੂਤੀ ਕਾਰ ਬਰਾਮਦ ਕੀਤੀ ਗਈ ਹੈ।