ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸੋਮਵਾਰ ਨੂੰ 20 ਪੈਸੇ ਦੀ ਇਕ ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਨਾਲ 84.86 ਦੇ ਪੱਧਰ ’ਤੇ ਬੰਦ ਹੋਇਆ। ਭੂ-ਸਿਆਸੀ ਸਥਿਤੀਆਂ ’ਚ ਅਸਧਾਰਨ ਅਸਥਿਰਤਾ ਅਤੇ ਘਰੇਲੂ ਸਟਾਕ ਮਾਰਕੀਟ ’ਚ ਕਮਜ਼ੋਰ ਰੁਝਾਨ ਨੇ ਰੁਪਏ ਦੀ ਕੀਮਤ ਨੂੰ ਘਟਾ ਦਿਤਾ ਅਤੇ ਇਹ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਗਿਆ।

    ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਆਯਾਤਕਾਂ ਅਤੇ ਵਿਦੇਸ਼ੀ ਬੈਂਕਾਂ ਵਲੋਂ ਡਾਲਰ ਦੀ ਮੰਗ ਕਾਰਨ ਰੁਪਿਆ ਵੀ ਕਮਜ਼ੋਰ ਰਿਹਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 84.70 ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 84.86 ਦੇ ਹੇਠਲੇ ਪੱਧਰ ਨੂੰ ਛੂਹ ਗਿਆ। ਅਖ਼ੀਰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 20 ਪੈਸੇ ਦੀ ਗਿਰਾਵਟ ਨਾਲ 84.86 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ।

    ਸ਼ੁਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 5 ਪੈਸੇ ਮਜ਼ਬੂਤ ਹੋ ਕੇ 84.66 ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੌਰਾਨ ਡਾਲਰ ਇੰਡੈਕਸ 0.09 ਫੀ ਸਦੀ ਡਿੱਗ ਕੇ 105.96 ਦੇ ਪੱਧਰ ’ਤੇ ਆ ਗਿਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.89 ਫੀ ਸਦੀ ਦੀ ਤੇਜ਼ੀ ਨਾਲ 71.75 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।

    ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਨਿਵੇਸ਼ਕ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਬਾਅਦ ਅਗਲੇ ਸੰਕੇਤਾਂ ਲਈ ਉਦਯੋਗਿਕ ਉਤਪਾਦਨ (ਆਈ.ਆਈ.ਪੀ.) ਅਤੇ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਮਹਿੰਗਾਈ ਦੇ ਅੰਕੜਿਆਂ ਦੀ ਉਡੀਕ ਕਰਨਗੇ।

    ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 200.66 ਅੰਕ ਡਿੱਗ ਕੇ 81,508.46 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 58.80 ਅੰਕ ਡਿੱਗ ਕੇ 24,619.00 ਅੰਕ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 724.27 ਕਰੋੜ ਰੁਪਏ ਦੇ ਸ਼ੇਅਰ ਖਰੀਦੇ।