ਸੰਗਰੂਰ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਨਜ਼ਦੀਕ ਲੱਡਾ ਕੋਠੀ ਕੋਲ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਥੇ ਸੜਕ ਹਾਦਸੇ ਵਿਚ ਤਿੰਨ ਜਿਗਰੀ ਯਾਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਿੱਜੀ ਕੰਮ ਲਈ ਸੰਗਰੂਰ ਜਾ ਰਹੇ ਦੋਸਤਾਂ ਦੀ ਕਾਰ ਸੰਗਰੂਰ ਸਾਈਡ ਤੋਂ ਆਉਣ ਵਾਲੇ ਟਰਾਲੇ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿਚ ਤਿੰਨਾਂ ਦੋਸਤਾਂ ਦੀ ਮੌਤ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਇੰਨਾ ਭਿਆਨਕ ਸੀ ਕਿ ਕਾਰ ਦੇ ਵੀ ਪਰਖੱਚੇ ਉੱਡ ਗਏ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਅਮਨਜੋਤ 12 ਦਸੰਬਰ ਨੂੰ ਕੈਨੇਡਾ ਤੋਂ ਵਾਪਸ ਆਇਆ ਸੀ। ਦੱਸ ਦੇਈਏ ਕਿ ਨੌਜਵਾਨ ਅਮਨਜੋਤ ਸਿੰਘ, ਸਤਿਗੁਰ ਸਿੰਘ ਅਤੇ ਹਸਨਪੁਰ ਦੇ ਜਗਸੀਰ ਸਿੰਘ ਜੱਗੀ ਅਤੇ ਗੁਰਸੇਵਕ ਸਿੰਘ ਕਾਰ ‘ਚ ਪਿੰਡ ਕਾਂਝਲੇ ਤੋਂ ਵਾਇਆ ਲੱਡਾ ਹੋ ਕੇ ਸੰਗਰੂਰ ਵੱਲ ਜਾ ਰਹੇ ਸਨ। ਜਿਉਂ ਹੀ ਉਹ ਲੱਡਾ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਸੰਗਰੂਰ ਵੱਲੋਂ ਆ ਰਹੇ ਇੱਕ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ।
ਹਾਦਸੇ ਵਿਚ ਸਤਿਗੁਰ ਸਿੰਘ ਅਤੇ ਜਗਸੀਰ ਸਿੰਘ ਜੱਗੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਨਜੋਤ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਅਮਨਜੋਤ ਸਿੰਘ ਕਾਂਝਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮਰ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਵੀ ਮੌਤ ਹੋ ਗਈ। ਗੁਰਸੇਵਕ ਸਿੰਘ ਵਾਸੀ ਹਸਨਪੁਰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਸਦਰ ਧੂਰੀ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਲੈਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।