ਪੰਜਾਬ ਅਤੇ ਚੰਡੀਗੜ੍ਹ ‘ਚ ਇਸ ਸਮੇਂ ਬਹੁਤ ਠੰਡ ਪੈ ਰਹੀ ਹੈ। ਹਿਮਾਚਲ ‘ਚ ਬਰਫ਼ਬਾਰੀ ਕਾਰਨ ਇਲਾਕੇ ਦਾ ਮੌਸਮ ਠੰਡਾ ਹੋ ਗਿਆ ਹੈ। ਕਈ ਇਲਾਕਿਆਂ ‘ਚ ਸਵੇਰ ਅਤੇ ਸ਼ਾਮ ਨੂੰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਸੀਤ ਲਹਿਰ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ।

    ਹਾਲਾਂਕਿ ਸੂਬੇ ‘ਚ ਪਿਛਲੇ 24 ਘੰਟਿਆਂ ‘ਚ ਤਾਪਮਾਨ 4.7 ਡਿਗਰੀ ਤਕ ਵਧਿਆ ਹੈ। ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਹੁਸ਼ਿਆਰਪੁਰ ਵਿਚ ਸਭ ਤੋਂ ਵੱਧ ਤਾਪਮਾਨ 21.6 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਾਨ 20.1 ਡਿਗਰੀ ਦਰਜ ਕੀਤਾ ਗਿਆ ਹੈ। ਤਾਪਮਾਨ 6.4 ਡਿਗਰੀ ਵੱਧ ਗਿਆ ਹੈ। ਜਦੋਂਕਿ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਚ 4.6 ਡਿਗਰੀ ਦਰਜ ਕੀਤਾ ਗਿਆ ਹੈ।

    26 ਤੋਂ ਮੀਂਹ ਪੈਣ ਦੀ ਸੰਭਾਵਨਾ

    ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿਚ ਸੀਤ ਲਹਿਰ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ 26 ਦਸੰਬਰ ਤੋਂ 28 ਦਸੰਬਰ ਤਕ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਸਮੇਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਗੜੇਮਾਰੀ ਅਤੇ ਤੂਫਾਨ ਦੀ ਵੀ ਸੰਭਾਵਨਾ ਹੈ।

    ਪੰਜਾਬ ਦੇ ਸਕੂਲਾਂ ਵਿਚ 31 ਦਸੰਬਰ ਤਕ ਛੁੱਟੀਆਂ

    ਸਰਦੀਆਂ ਕਾਰਨ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿਤਾ ਗਿਆ ਹੈ। ਸਾਰੇ ਸਕੂਲ 31 ਦਸੰਬਰ ਤਕ ਬੰਦ ਰਹਿਣਗੇ। ਇਸ ਸਬੰਧੀ ਸਿਖਿਆ ਵਿਭਾਗ ਵਲੋਂ ਹੁਕਮ ਜਾਰੀ ਕਰ ਦਿਤੇ ਗਏ ਹਨ। ਚੰਡੀਗੜ੍ਹ ਦੇ ਸਕੂਲਾਂ ਵਿਚ 26 ਦਸੰਬਰ ਤੋਂ 7 ਜਨਵਰੀ ਤਕ ਛੁੱਟੀਆਂ ਹੋਣਗੀਆਂ। ਹਾਲਾਂਕਿ, ਇਹ ਭਵਿੱਖ ਵਿਚ ਵਧ ਸਕਦੇ ਹਨ ਅਤੇ ਸਕੂਲ ਦੇ ਸਮੇਂ ਆਦਿ ਵਿਚ ਬਦਲਾਅ ਹੋ ਸਕਦੇ ਹਨ।