ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 25 ਦਸੰਬਰ ਤੋਂ ਸਾਲਾਨਾ ਸ਼ਹੀਦੀ ਸਭਾ ਸ਼ੁਰੂ ਹੋ ਰਹੀ ਹੈ ਪ੍ਰੰਤੂ ਸੰਗਤਾਂ ਦੀ ਭਾਰੀ ਆਮਦ ਪੋਹ ਦਾ ਮਹੀਨਾ ਚੜ੍ਹਦੇ ਹੀ ਸ਼ੁਰੂ ਹੋ ਗਈ ਜਿਸ ਕਾਰਨ ਪੁਲਿਸ ਨੂੰ ਇਕ ਹਫ਼ਤਾ ਪਹਿਲਾ ਹੀ ਅਪਣੀਆਂ ਰੋਕਾਂ ਲਗਾਉਂਣ ਲਈ ਮਜਬੂਰ ਹੋਣਾ ਪਿਆ ਅਤੇ ਆਵਾਜਾਈ ਦੇ ਵੀ ਪਹਿਲਾ ਹੀ ਬਦਲਵੇ ਪ੍ਰਬੰਧ ਸ਼ੁਰੂ ਕਰ ਦਿਤੇ। ਸ਼ਰਧਾਲੂਆਂ ਨੇ ਵੀ ਸੰਗਤਾਂ ਦੀ ਆਮਦ ਨੂੰ ਮੁੱਖ ਰੱਖ ਕੇ ਪਹਿਲਾ ਹੀ ਅਪਣੇ ਲੰਗਰ ਚਾਲੂ ਕਰ ਦਿਤੇ ਹਨ।

    ਅੱਜ ਸਵੇਰ ਤੋਂ ਹੀ ਕੜਕਦੀ ਠੰਢ ਦੇ ਬਾਵਜੂਦ ਫ਼ਤਹਿਗੜ੍ਹ ਸਾਹਿਬ ਨੂੰ ਮਿਲਦੀਆਂ ਸਾਰੀਆਂ ਸੜਕਾਂ ’ਤੇ ਹਜ਼ਾਰਾ ਸ਼ਰਧਾਲੂ ਨੰਗੇ ਪੈਰ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਇਸ ਮਹਾਨ ਸਥਾਨ ਨੂੰ ਸਿਜਦਾ ਕਰਨ ਲਈ ਆ ਰਹੇ ਸਨ। ਇਸ ਮਹਾਨ ਧਰਤੀ ਨੂੰ ਮਿਲਦੀਆਂ ਸਾਰੀਆਂ ਹੀ ਸੜਕਾਂ ਉਪਰ ਸੰਗਤਾਂ ਵਲੋਂ ਥਾਂ-ਥਾਂ ’ਤੇ ਲੰਗਰ ਚਾਲੂ ਹੋ ਗਏ ਹਨ ਅਤੇ ਜ਼ਿਆਦਾਤਰ ਸਾਦੇ ਪਕਵਾਨ ਹੀ ਤਿਆਰ ਕੀਤੇ ਜਾ ਰਹੇ ਹਨ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ ਜਦੋਂ ਕਿ ਦੂਸਰੇ ਪਾਸੇ ਡੀਆਈਜੀ ਹਰਚਰਨ ਸਿੰਘ ਭੁੱਲਰ, ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਵਲੋਂ ਸਾਰੇ ਪ੍ਰਬੰਧਾਂ ਦੀ ਖ਼ੁਦ ਦੇਖ-ਰੇਖ ਕੀਤੀ ਜਾ ਰਹੀ ਹੈ।

    ਇਸੇ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪ੍ਰਵਾਰ ਸਮੇਤ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਖ਼ਾਲਸਾ, ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦਸਿਆ ਕਿ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਹੋਣ ਨਾਲ ਸ਼ਹੀਦੀ ਸਭਾ ਦੀ ਰਸਮੀ ਸ਼ੁਰੂਆਤ ਹੋਵੇਗੀ ਜਿਸ ਦੇ ਭੋਗ 27 ਦਸੰਬਰ ਨੂੰ ਭੋਗ ਪਾਏ ਜਾਣਗੇ।

    25 ਤੋਂ 28 ਦਸੰਬਰ ਤਕ ਦਿਨ-ਰਾਤ ਧਾਰਮਕ ਦੀਵਾਨ ਸਜਣਗੇ ਜਿਸ ਵਿਚ ਪੰਥਕ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰਸਿਧ ਵਿਦਵਾਨ, ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕ ਸਾਹਿਬਾਨ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਗੇ, 26 ਦਸੰਬਰ ਦੀ ਰਾਤ ਨੂੰ 9 ਵਜੇ ਵਿਸ਼ੇਸ਼ ਕਵੀ ਸਮਾਗਮ ਹੋਵੇਗਾ, 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਪ੍ਰਾਰੰਭ ਹੋਵੇਗਾ ਜੋ 12 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁਜੇਗਾ, ਉਥੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ।

    27 ਦਸੰਬਰ ਨੂੰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਉਪਰਲੀ ਮੰਜ਼ਲ ਵਿਖੇ ਹੋਵੇਗਾ। 28 ਦਸੰਬਰ ਤਕ ਸਾਹਿਬਜ਼ਾਦਿਆਂ ਦੇ ਲਾਸਾਨੀ ਜੀਵਨ ਤੇ ਸ਼ਹੀਦੀ ਸਫ਼ਰ ਦੀ ਅਦੁੱਤੀ ਕਥਾ ਅੰਮ੍ਰਿਤ ਵੇਲੇ ਮੁੱਖ ਦਰਬਾਰ ਵਿਚ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਵਲੋਂ ਕੀਤੀ ਜਾ ਰਹੀ ਹੈ।