ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 2 ਜਨਵਰੀ 2025 ਦਿਨ ਵੀਰਵਾਰ ਸਵੇਰੇ 10 ਵਜੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ, ਵੱਲੋਂ ਸਮੂਹ ਸਿੰਘ ਸਭਾਵਾਂ ਅਤੇ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਤੱਕ ਪੁਰਾਤਨ ਰੂਟ ਤੇ ਸਜਾਇਆ ਜਾਵੇਗਾ| ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨਾਂ ਵਲੋਂ ਕੀਤੀ ਜਾਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸ਼ਮੋਭਿਤ ਕੀਤੀ ਜਾਵੇਗੀ। ਇਸ ਮੌਕੇ ਵੱਖ ਵੱਖ ਜਥਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਧਾਰਿਤ ਕਥਾ ਕੀਰਤਨ ਕੀਤੇ ਜਾਣਗੇ। ਗੁਰੂ ਗੋਬਿੰਦ ਸਿੰਘ ਜੀ ਸਾਡੇ ਸਭ ਦੇ ਸਾਂਝੇ ਗੁਰੂ ਸਨ, ਜਿਨਾਂ ਨੇ ਸਿੱਖ ਕੌਮ ਖਾਤਰ ਆਪਣਾ ਸਾਰਾ ਪਰਿਵਾਰ ਵਾਰਿਆ ।
ਉਸ ਵੇਲੇ ਦੀ ਮੁਗਲ ਹਕੂਮਤ ਨੇ ਕਈ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਸੀ ਅਤੇ ਅਖੀਰ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਉਸ ਤੋਂ ਬਾਅਦ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਮੁਗਲ ਹਕੂਮਤ ਨੇ ਉਨਾਂ ਦਾ ਪਰਿਵਾਰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ‘ਚ ਸ਼ਹੀਦ ਕਰ ਦਿੱਤੇ ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਫਤਹਿਗੜ੍ਹ ਸਾਹਿਬ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਸੀ। ਗੁਰੂ ਗੋਬਿੰਦ ਸਿੰਘ ਜੀ ਵਰਗੀ ਮਿਸਾਲ ਅੱਜ ਤੱਕ ਪੂਰੀ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ ਜਿਨਾਂ ਨੇ ਜੁਲਮ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਸੰਗਤ ਵੱਲੋਂ ਨਗਰ ਕੀਰਤਨ ਤੇ ਤਰਾਂ- ਤਰਾਂ ਦੇ ਲੰਗਰ ਲਗਾਏ ਜਾਣਗੇ। ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਤ ਸਮਾਜ, ਸਿੱਖ ਜੱਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਗੱਤਕਾ ਅਖਾੜਾ ਅਤੇ ਸੇਵਾ ਸੁਸਾਇਟੀਆਂ ਹਿੱਸਾ ਲੈਣਗੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਗੇ।