ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਪੰਜਾਬ ਬੰਦ ਹੈ। ਕਿਸਾਨਾਂ ਨੇ ਸਵੇਰੇ 7 ਵਜੇ ਤੋਂ 140 ਥਾਵਾਂ ‘ਤੇ ਹਾਈਵੇਅ ਅਤੇ ਰੇਲਵੇ ਟਰੈਕ ਜਾਮ ਕੀਤੇ ਹੋਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਜੰਮੂ ਅਤੇ ਫ਼ਿਰੋਜ਼ਪੁਰ ਹਾਈਵੇਅ ਅਤੇ ਹੋਰ ਸੜਕਾਂ ਸ਼ਾਮਲ ਹਨ। ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਨੂੰ ਪੂਰੇ ਸੂਬੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਕਿਸਾਨਾਂ ਦੇ ਸਮਰਥਨ ‘ਚ ਕਈ ਥਾਵਾਂ ‘ਤੇ ਬਾਜ਼ਾਰਾਂ ਸਮੇਤ ਪੈਟਰੋਲ ਪੰਪ ਵੀ ਬੰਦ ਹਨ। ਬੱਸਾਂ ਅਤੇ ਰੇਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਨੇ ਵੰਦੇ ਭਾਰਤ ਸਮੇਤ ਕੁੱਲ 167 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਹਨ।
ਦੱਸ ਦਈਏ ਕਿ ਕਪੂਰਥਲਾ ਵਿਚ ਵੀ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੰਦ ਦੌਰਾਨ ਬਾਜ਼ਾਰਾਂ ਵਿਚ ਸੰਨਾਟਾ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਖੰਨਾ ਵਿਚ ਕਿਸਾਨਾਂ ਨੇ ਬਾਜ਼ਾਰਾਂ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬੰਦ ਕੀਤਾ ਹੋਇਆ ਹੈ। ਪੰਜਾਬ ਬੰਦ ਨੂੰ ਇੱਥੇ ਪੂਰਨ ਸਮਰਥਨ ਮਿਲ ਰਿਹਾ ਹੈ। ਸਾਰੇ ਬਾਜ਼ਾਰ ਬੰਦ ਹਨ।