ਸਪੇਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। 80 ਪ੍ਰਵਾਸੀਆਂ ਨੂੰ ਸਪੇਨ ਲਿਜਾ ਰਿਹੀ ਇਕ ਕਿਸ਼ਤੀ ਮੋਰੱਕੇ ਦੇ ਦਖਲਾ ਬੰਦਰਗਾਹ ਨੇੜੇ ਪਲਟ ਗਈ, ਜਿਸ ਵਿਚ 40 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਦੇ ਡੁੱਬਣ ਦੀ ਖ਼ਬਰ ਹੈ। ਪਾਕਿਸਤਾਨ ਅਥਾਰਿਟੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪ੍ਰਵਾਸੀ ਅਧਿਕਾਰ ਸਮੂਹ ਵਾਕਿੰਗ ਬਾਰਡਰਜ਼ ਨੇ ਕਿਹਾ ਕਿ 50 ਤੋਂ ਵੱਧ ਪ੍ਰਵਾਸੀ ਡੁੱਬ ਗਏ ਸਨ। ਮੋਰੱਕੇ ਦੇ ਅਧਿਕਾਰੀਆਂ ਨੇ ਇੱਕ ਦਿਨ ਪਹਿਲਾਂ ਇਕ ਕਿਸ਼ਤੀ ਦੇ ਪਲਟਣ ਦੇ ਬਾਅਦ 36 ਲੋਕਾਂ ਨੂੰ ਬਚਾਇਆ ਸੀ ਜੋ 2 ਜਨਵਰੀ ਨੂੰ ਮੌਰੀਤਾਨੀਆ ਤੋਂ 86 ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈ ਸੀ ਜਿਸ ਵਿਚ 66 ਪਾਕਿਸਤਾਨੀ ਵੀ ਸ਼ਾਮਲ ਸਨ। ਵਾਕਿੰਗ ਬਾਰਡਰਜ਼ ਦੀ ਸੀਈਓ ਹੇਲੇਨਾ ਮਾਲੇਨੋ ਨੇ ਐਕਸ ‘ਤੇ ਕਿਹਾ ਕਿ ਡੁੱਬਣ ਵਾਲੇ 44 ਲੋਕਾਂ ਨੂੰ ਪਾਕਿਸਤਾਨ ਤੋਂ ਮੰਨਿਆ ਜਾ ਰਿਹਾ ਹੈ।
ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਦੂਤਘਰ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੋਰੱਕੋ ਵਿੱਚ ਉਸਦਾ ਦੂਤਘਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘ਰਬਾਤ (ਮੋਰੱਕੋ) ਵਿੱਚ ਸਾਡੇ ਦੂਤਘਰ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਮੌਰੀਤਾਨੀਆ ਤੋਂ ਰਵਾਨਾ ਹੋਈ ਇੱਕ ਕਿਸ਼ਤੀ 80 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ, ਜਿਨ੍ਹਾਂ ਵਿੱਚ ਕਈ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸਨ, ਮੋਰੱਕੋ ਦੇ ਦਖਲਾ ਬੰਦਰਗਾਹ ਨੇੜੇ ਪਲਟ ਗਈ। ਇਸ ਵਿਚ ਪਾਕਿਸਤਾਨੀਆਂ ਸਮੇਤ ਬਹੁਤ ਸਾਰੇ ਬਚੇ ਹੋਏ ਲੋਕ ਦਖਲਾ ਨੇੜੇ ਇੱਕ ਕੈਂਪ ਵਿੱਚ ਰਹਿ ਰਹੇ ਹਨ।
ਸ਼ਹਿਬਾਜ਼ ਸ਼ਰੀਫ਼ ਨੇ ਅਧਿਕਾਰੀਆਂ ਤੋਂ ਘਟਨਾ ਦੀ ਰਿਪੋਰਟ ਮੰਗੀ
ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕਾਂ ਦੀ ਸਹੂਲਤ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਦੂਤਘਰ ਟੀਮ ਦਾਖਲਾ ਭੇਜੀ ਗਈ ਹੈ, ਜਦੋਂ ਕਿ ਵਿਦੇਸ਼ ਮੰਤਰਾਲੇ ਵਿੱਚ ਸੰਕਟ ਪ੍ਰਬੰਧਨ ਇਕਾਈ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸਬੰਧਤ ਸਰਕਾਰੀ ਏਜੰਸੀਆਂ ਨੂੰ ਪ੍ਰਭਾਵਿਤ ਪਾਕਿਸਤਾਨੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਘਟਨਾ ਬਾਰੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਅਤੇ ਕਿਹਾ ਹੈ ਕਿ ਮਨੁੱਖੀ ਤਸਕਰੀ ਦੇ ਇਸ ਘਿਨਾਉਣੇ ਕੰਮ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।