ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ਰਾਂਸ ਦੌਰੇ ਤੋਂ ਪਹਿਲਾਂ, ਦੋਵਾਂ ਨੇ ਉੱਚ ਪਧਰੀ ਤਕਨਾਲੋਜੀ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਸਹਿਮਤੀ ਜਤਾਈ ਹੈ। ਪੈਰਿਸ ਵਿਚ ਆਯੋਜਤ ‘ਵਿਦੇਸ਼ ਦਫ਼ਤਰ ਸਲਾਹ-ਮਸ਼ਵਰੇ’ ਦੌਰਾਨ, ਦੋਵਾਂ ਦੇਸ਼ਾਂ ਨੇ ਭਾਰਤ-ਫ਼ਰਾਂਸ ਹੋਰਾਈਜ਼ਨ 2047 ਰੋਡਮੈਪ ਤਹਿਤ ਦੁਵੱਲੇ ਸਹਿਯੋਗ ਦੇ ਪਹਿਲੂਆਂ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਏਆਈ ’ਤੇ ਬੈਠਕ ਲਈ ਫ਼ਰਾਂਸ ਦਾ ਦੌਰਾ ਕਰਨਗੇ।

ਮੀਟਿੰਗ ਦੀ ਸਹਿ-ਪ੍ਰਧਾਨਗੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਫ਼ਰਾਂਸ ਦੇ ਯੂਰਪ ਅਤੇ ਵਿਦੇਸ਼ ਮੰਤਰਾਲੇ ਦੇ ਸਕੱਤਰ ਜਨਰਲ ਐਨ-ਮੈਰੀ ਡੇਸਕੋਟਸ ਨੇ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ, ਪੈਰਿਸ ਵਿਚ ਹੋਈ ਬੈਠਕ ਵਿਚ ਰਖਿਆ, ਸਿਵਲ ਪਰਮਾਣੂ ਊਰਜਾ, ਪੁਲਾੜ, ਸਾਈਬਰ ਅਤੇ ਡਿਜੀਟਲ, ਏਆਈ, ਸੰਸਥਾਗਤ ਸੰਵਾਦ ਵਿਧੀ, ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਅਤੇ ਸਭਿਆਚਾਰਕ ਸਬੰਧਾਂ ਨੂੰ ਉਤਸ਼ਾਹਤ ਕਰਨ ਸਮੇਤ ਦੁਵੱਲੇ ਸਹਿਯੋਗ ’ਤੇ ਚਰਚਾ ਕੀਤੀ ਗਈ। ਦੋਵੇਂ ਧਿਰਾਂ ਉੱਚ ਪਧਰੀ ਤਕਨਾਲੋਜੀ ਖੇਤਰਾਂ ਵਿਚ ਦੁਵੱਲੀ ਭਾਈਵਾਲੀ ਨੂੰ ਵਧਾਉਣ ਲਈ ਸਹਿਮਤ ਹੋਈਆਂ ਹਨ।
ਅੰਤਰਰਾਸ਼ਟਰੀ-ਖੇਤਰੀ ਮੁੱਦਿਆਂ ’ਤੇ ਚਰਚਾ : ਵਿਦੇਸ਼ ਮੰਤਰਾਲੇ ਅਨੁਸਾਰ, ਬੈਠਕ ਵਿਚ ਵਾਤਾਵਰਣ, ਜਲਵਾਯੂ ਪਰਿਵਰਤਨ, ਭਾਰਤ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ, ਤੀਜੇ ਦੇਸ਼ਾਂ ਵਿਚ ਸਾਂਝੇ ਵਿਕਾਸ ਪ੍ਰਾਜੈਕਟਾਂ, ਪਛਮੀ ਏਸ਼ੀਆ ਅਤੇ ਰੂਸ-ਯੂਕਰੇਨ ਟਕਰਾਅ ਦੀ ਸਥਿਤੀ ਨਾਲ ਜੁੜੇ ਚੱਲ ਰਹੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।
ਭਾਰਤ ਅਤੇ ਬੈਲਜੀਅਮ ਦਰਮਿਆਨ ਵਪਾਰ ਵਧਾਉਣ ’ਤੇ ਚਰਚਾ : ਭਾਰਤ-ਬੈਲਜੀਅਮ ਫ਼ਾਰਮਾਸਿਊਟੀਕਲ ਅਤੇ ਖੇਤੀਬਾੜੀ ਉਤਪਾਦਾਂ ਵਰਗੇ ਖੇਤਰਾਂ ਵਿਚ ਵਪਾਰਕ ਮੁੱਦਿਆਂ ਨੂੰ ਹੱਲ ਕਰਨ ਲਈ ਇਕ ਵਿਧੀ ਸਥਾਪਤ ਕਰਨ ਲਈ ਸਹਿਮਤ ਹੋਏ ਹਨ। ਇਨ੍ਹਾਂ ਮੁੱਦਿਆਂ ’ਤੇ ਵਣਜ-ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਬੈਲਜੀਅਮ ਦੇ ਵਿਦੇਸ਼ ਵਪਾਰ ਮੰਤਰੀ ਬਰਨਾਰਡ ਕੁਇੰਟਨ ਵਿਚਾਲੇ ਬ੍ਰਸੇਲਜ਼ ’ਚ ਹੋਈ ਬੈਠਕ ਦੌਰਾਨ ਚਰਚਾ ਕੀਤੀ ਗਈ। ਵਣਜ ਮੰਤਰਾਲੇ ਨੇ ਕਿਹਾ ਕਿ ਫ਼ਾਰਮਾਸਿਊਟੀਕਲ ਅਤੇ ਖੇਤੀਬਾੜੀ ਉਤਪਾਦਾਂ ਲਈ ਮਨਜ਼ੂਰੀ ਪ੍ਰਕਿਰਿਆਵਾਂ ਵਿਚ ਰੈਗੂਲੇਟਰੀ ਰੁਕਾਵਟਾਂ ’ਤੇ ਵੀ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਮਤੀ ਪ੍ਰਗਟਾਈ।