UN’s Honour Roll: ਨਿਊਯਾਰਕ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੰਯੁਕਤ ਰਾਸ਼ਟਰ (ਯੂਐਨ) ਦੇ ਵਿੱਤੀ ਨਿਯਮਾਂ ਵਿਚ ਨਿਰਧਾਰਤ 30 ਦਿਨਾਂ ਦੇ ਅੰਦਰ ਅਪਣੇ ਨਿਯਮਤ ਬਜਟ ਮੁਲਾਂਕਣਾਂ ਦਾ ਪੂਰਾ ਭੁਗਤਾਨ ਕਰਨ ਲਈ ਭਾਰਤ ਨੂੰ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਦੀ ‘ਸਨਮਾਨ ਸੂਚੀ’ ਵਿਚ ਸ਼ਾਮਲ ਕੀਤਾ ਗਿਆ ਹੈ।

    ਮਿਸ਼ਨ ਨੇ ਇਕ ਬਿਆਨ ਵਿਚ ਕਿਹਾ, ‘‘ਭਾਰਤ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਦੇ ‘ਆਨਰ ਰੋਲ’ ਵਿਚ ਸ਼ਾਮਲ ਹੋਇਆ ਹੈ, ਕਿਉਂਕਿ ਇਹ ਉਨ੍ਹਾਂ ਦੇਸ਼ਾਂ ਵਿਚੋਂ ਇਕ ਦੇ ਹੈ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਵਿੱਤੀ ਨਿਯਮ 3.5 ਵਿਚ ਨਿਰਧਾਰਤ 30 ਦਿਨਾਂ ਦੀ ਮਿਆਦ ਦੇ ਅੰਦਰ ਅਪਣੇ ਨਿਯਮਤ ਬਜਟ ਮੁਲਾਂਕਣ ਦਾ ਪੂਰਾ ਭੁਗਤਾਨ ਕੀਤਾ ਹੈ। ਆਨਰ ਰੋਲ ਵਿਚ ਉਹ ਚੋਣਵੇਂ ਮੈਂਬਰ ਰਾਜ ਸ਼ਾਮਲ ਹਨ ਜਿਨ੍ਹਾਂ ਨੇ ਭੁਗਤਾਨ ਨੋਟ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ ਸੰਯੁਕਤ ਰਾਸ਼ਟਰ ਪ੍ਰਤੀ ਆਪਣੀਆਂ ਵਿੱਤੀ ਵਚਨਬੱਧਤਾਵਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।’’

    ਸੰਯੁਕਤ ਰਾਸ਼ਟਰ ਮਹਾਸਭਾ ਹਰ ਸਾਲ ਦਸੰਬਰ ਵਿਚ ਸੰਯੁਕਤ ਰਾਸ਼ਟਰ ਦੇ ਨਿਯਮਤ ਬਜਟ ਨੂੰ ਮਨਜ਼ੂਰੀ ਦਿੰਦੀ ਹੈ। ਫਿਰ ਹਰ ਮੈਂਬਰ ਰਾਜ ਦਾ ਮੁਲਾਂਕਣ ਮਹਾਸਭਾ ਦੁਆਰਾ ਪ੍ਰਵਾਨਿਤ ਮੁਲਾਂਕਣ ਪੈਮਾਨੇ ਦੇ ਅਧਾਰ ’ਤੇ ਕੀਤਾ ਜਾਂਦਾ ਹੈ, ਅਤੇ ਜਨਵਰੀ ਦੇ ਸ਼ੁਰੂ ਵਿਚ ਸੰਯੁਕਤ ਰਾਸ਼ਟਰ ਦੁਆਰਾ ਸਬੰਧਤ ਭੁਗਤਾਨ ਨੋਟ ਜਾਰੀ ਕੀਤੇ ਜਾਂਦੇ ਹਨ।

    ਬਿਆਨ ਵਿਚ ਇਸ ਗੱਲ ’ਤੇ ਜ਼ੋਰ ਦਿਤਾ ਗਿਆ ਹੈ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸਨਮਾਨ ਸੂਚੀ ਵਿਚ ਲਗਾਤਾਰ ਦਰਜਾ ਦਿਤਾ ਮਿਲਿਆ ਹੈ।
    ਬਿਆਨ ਵਿਚ ਕਿਹਾ ਗਿਆ ਹੈ, ‘‘ਸੰਯੁਕਤ ਰਾਸ਼ਟਰ ਵਿਚ ਯੋਗਦਾਨ ਦੇਣ ਲਈ ਭਾਰਤ ਦੀ ਤਤਪਰਤਾ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਦਰਜ ਸਿਧਾਂਤਾਂ ਅਤੇ ਉਦੇਸ਼ਾਂ ਪ੍ਰਤੀ ਉਸਦੇ ਅਟੁੱਟ ਸਮਰਥਨ ਅਤੇ ਸੰਯੁਕਤ ਰਾਸ਼ਟਰ ਦੀ ਵਿੱਤੀ ਸਥਿਰਤਾ ਅਤੇ ਸੰਚਾਲਨ ਪ੍ਰਭਾਵ ਨੂੰ ਬਣਾਏ ਰੱਖਣ ਦੀ ਉਸ ਦੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ।’’ ਨਾਲ ਹੀ, ਇਹ ਸੰਯੁਕਤ ਰਾਸ਼ਟਰ ਦੇ ਇਕ ਜ਼ਿੰਮੇਵਾਰ ਮੈਂਬਰ ਵਜੋਂ ਭਾਰਤ ਦੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ।