ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਦੇ ਇੱਕ ਖੇਤਰ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਇਹ ਕਾਰਵਾਈ ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ। ਤਲਾਸ਼ੀ ਦੌਰਾਨ, ਅਤਿਵਾਦੀਆਂ ਦਾ ਟਿਕਾਣਾ ਇੱਕ ਖੋਖਲੇ ਚੀੜ ਦੇ ਦਰੱਖਤ ਵਿੱਚ ਮਿਲਿਆ। ਫ਼ੌਜ ਨੇ ਇੱਥੋਂ ਬਹੁਤ ਸਾਰੇ ਹਥਿਆਰ ਬਰਾਮਦ ਕੀਤੇ। ਇਸ ਵਿੱਚ ਤਿੰਨ AK-47 ਰਾਈਫ਼ਲਾਂ, 11 ਮੈਗਜ਼ੀਨ, 292 ਗੋਲੀਆਂ, ਇੱਕ ਅੰਡਰ ਬੈਰਲ ਗ੍ਰਨੇਡ ਲਾਂਚਰ (UBGL), ਨੌਂ UBGL ਗ੍ਰਨੇਡ ਅਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਸੁਰੱਖਿਆ ਬਲਾਂ ਨੂੰ ਖੁਫ਼ੀਆ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਅਤਿਵਾਦੀਆਂ ਨੇ ਬਾਰਾਮੂਲਾ ਦੇ ਜੰਗਲਾਂ ਵਿੱਚ ਹਥਿਆਰਾਂ ਦਾ ਇੱਕ ਜ਼ਖ਼ੀਰਾ ਲੁਕਾਇਆ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਦੁਪਹਿਰ ਲਗਭਗ 1:15 ਵਜੇ, ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਜਗ੍ਹਾ ਮਿਲੀ ਜਿੱਥੇ ਇੱਕ ਖੋਖਲੇ ਚੀੜ ਦੇ ਦਰੱਖ਼ਤ ਵਿੱਚ ਹਥਿਆਰ ਲੁਕਾਏ ਗਏ ਸਨ। ਅਤਿਵਾਦੀਆਂ ਨੇ ਇਸ ਕੈਸ਼ ਨੂੰ ਕੰਬਲ ਵਿੱਚ ਲਪੇਟ ਕੇ ਰੱਖਿਆ ਹੋਇਆ ਸੀ। ਸੁਰੱਖਿਆ ਬਲਾਂ ਨੇ ਤੁਰਤ ਇਸ ਨੂੰ ਕਾਬੂ ਕਰ ਲਿਆ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਜਾਰੀ ਰੱਖੀ।

    ਇਸ ਬਰਾਮਦਗੀ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਇੱਕ ਵੱਡਾ ਅਤਿਵਾਦੀ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਏਕੇ-47 ਰਾਈਫ਼ਲਾਂ ਅਤੇ ਗ੍ਰਨੇਡਾਂ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਸੁਰੱਖਿਆ ਬਲਾਂ ਜਾਂ ਆਮ ਨਾਗਰਿਕਾਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਹਾਲਾਂਕਿ, ਅਤਿਵਾਦੀਆਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ ਕਿਉਂਕਿ ਸਮੇਂ ਸਿਰ ਲੁਕਣਗਾਹ ਦਾ ਪਰਦਾਫ਼ਾਸ਼ ਹੋ ਗਿਆ।

    ਪੁਲਿਸ ਅਤੇ ਫ਼ੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਥਿਆਰ ਕਿਸ ਅਤਿਵਾਦੀ ਸੰਗਠਨ ਦੇ ਸਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ। ਸ਼ੁਰੂਆਤੀ ਜਾਂਚ ਵਿੱਚ, ਇਹ ਸ਼ੱਕ ਹੈ ਕਿ ਇਹ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਲਈ ਸਟੋਰ ਕੀਤੇ ਹਥਿਆਰਾਂ ਦਾ ਭੰਡਾਰ ਹੋ ਸਕਦਾ ਹੈ।

    ਇਸ ਬਰਾਮਦਗੀ ਤੋਂ ਬਾਅਦ, ਪੁਲਿਸ ਨੇ ਬਨਿਆਰ ਪੁਲਿਸ ਸਟੇਸ਼ਨ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ। ਅਗਲੇਰੀ ਜਾਂਚ ਜਾਰੀ ਹੈ। ਕਿਸੇ ਵੀ ਸੰਭਾਵੀ ਅਤਿਵਾਦੀ ਗਤੀਵਿਧੀ ਨੂੰ ਰੋਕਣ ਲਈ ਪੂਰੇ ਉੜੀ ਸੈਕਟਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਫੌਜ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਹੋਰ ਸੰਭਾਵਿਤ ਲੁਕਣਗਾਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।