ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਮਿਤ ਸਰਕਾਰ ਦਾ ਛੁੱਟੀ ਲੈਣ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰ ਦਿਤਾ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੱਛਮੀ ਬੰਗਾਲ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਸਰਕਾਰੀ ਕਰਮਚਾਰੀ ਨੂੰ ਛੁੱਟੀ ਨਾ ਮਿਲਣ ’ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੇ ਚਾਰ ਸਾਥੀਆਂ ’ਤੇ ਚਾਕੂ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿਤਾ।

    ਇਹ ਜਾਣਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਦੋਸ਼ੀ ਕਰਮਚਾਰੀ ਅਮਿਤ ਸਰਕਾਰ ਖ਼ੂਨ ਨਾਲ ਲੱਥਪੱਥ ਚਾਕੂ ਲੈ ਕੇ ਘੁੰਮਦਾ ਰਿਹਾ। ਇਹ ਘਟਨਾ ਉੱਥੇ ਲੱਗੇ ਕੈਮਰੇ ਵਿਚ ਕੈਦ ਹੋ ਗਈ। ਅਮਿਤ ਸਰਕਾਰ ਕੋਲਕਾਤਾ ਦੇ ਨਿਊਟਾਊਨ ਇਲਾਕੇ ਵਿਚ ਕਰੀਗਰੀ ਭਵਨ ਦੇ ਤਕਨੀਕੀ ਸਿਖਿਆ ਵਿਭਾਗ ਵਿਚ ਕੰਮ ਕਰਦਾ ਸੀ। ਸਾਹਮਣੇ ਆਏ ਵੀਡੀਓ ਵਿਚ ਅਮਿਤ ਦਿਨ-ਦਿਹਾੜੇ ਚਾਕੂ ਲੈ ਕੇ ਘੁੰਮਦਾ ਦਿਖਾਈ ਦੇ ਰਿਹਾ ਸੀ।

    ਉਸ ਦੀ ਪਿੱਠ ’ਤੇ ਇੱਕ ਬੈਗ ਲਟਕਿਆ ਹੋਇਆ ਸੀ ਅਤੇ ਉਸ ਦੇ ਹੱਥਾਂ ਵਿਚ ਇਕ ਹੋਰ ਬੈਗ਼ ਸੀ। ਕੁਝ ਰਾਹਗੀਰਾਂ ਨੇ ਅਮਿਤ ਕੁਮਾਰ ਦੇ ਚਾਕੂ ਲੈ ਕੇ ਤੁਰਨ ਦੀ ਵੀਡੀਓ ਆਪਣੇ ਮੋਬਾਈਲ ਫ਼ੋਨਾਂ ’ਤੇ ਕੈਦ ਕਰ ਲਈ। ਹਾਲਾਂਕਿ, ਦੋਸ਼ੀ ਨੇ ਉਨ੍ਹਾਂ ਲੋਕਾਂ ਨੂੰ ਉਸ ਦੇ ਨੇੜੇ ਨਾ ਆਉਣ ਦੀ ਚੇਤਾਵਨੀ ਦਿਤੀ। ਅਮਿਤ ਸਰਕਾਰ ਪੱਛਮੀ ਬੰਗਾਲ ਦੇ ਉੱਤਰੀ ਬੀਡੀ ਪਰਗਨਾ ਜ਼ਿਲ੍ਹੇ ਦੇ ਘੋਲਾ, ਸੋਦਪੁਰ ਦਾ ਰਹਿਣ ਵਾਲਾ ਹੈ।

    ਉਹ ਬੰਗਾਲ ਸਰਕਾਰ ਦੇ ਤਕਨੀਕੀ ਸਿਖਿਆ ਵਿਭਾਗ ਵਿਚ ਕੰਮ ਕਰਦਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਵੇਰੇ ਛੁੱਟੀ ਲੈਣ ਨੂੰ ਲੈ ਕੇ ਉਸ ਦਾ ਆਪਣੇ ਸਾਥੀਆਂ ਨਾਲ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰ ਦਿਤਾ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਚਾਕੂ ਮਾਰਨ ਦੀ ਘਟਨਾ ਵਿਚ ਅਮਿਤ ਸਰਕਾਰ ਦੇ ਸਾਥੀ ਜੈਦੇਵ ਚੱਕਰਵਰਤੀ, ਸ਼ਾਂਤਨੂ ਸਾਹਾ, ਸਾਰਥ ਲੈੱਟ ਅਤੇ ਸ਼ੇਖ ਸਤਬੁਲ ਜ਼ਖ਼ਮੀ ਹੋ ਗਏ।

    ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਜਦੋਂ ਅਮਿਤ ਸਰਕਾਰ ਨੂੰ ਛੁੱਟੀ ਨਹੀਂ ਦਿਤੀ ਗਈ ਤਾਂ ਉਹ ਗੁੱਸੇ ਵਿਚ ਆ ਗਿਆ। ਹਾਲਾਂਕਿ, ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਛੁੱਟੀ ਕਿਉਂ ਨਹੀਂ ਦਿਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਿਤ ਸਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।