ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਪਹਿਲੀ ਵਾਰ ‘ਏਅਰੋ ਇੰਡੀਆ’ ਹਵਾਈ ਪ੍ਰਦਰਸ਼ਨ ’ਚ ਰੂਸ ਦੇ ਐਸ.ਯੂ.-57 ਅਤੇ ਅਮਰੀਕੀ ਐੱਫ-35 ਲਾਈਟਨਿੰਗ-2 ਮਾਰੂ ਸਮਰੱਥਾ ਨਾਲ ਲੈਸ ਦੁਨੀਆਂ ਦੇ ਪੰਜਵੀਂ ਪੀੜ੍ਹੀ ਦੇ ਦੋ ਸੱਭ ਤੋਂ ਆਧੁਨਿਕ ਲੜਾਕੂ ਜਹਾਜ਼ ਹਿੱਸਾ ਲੈਣਗੇ।

ਏਸ਼ੀਆ ਦੇ ਸੱਭ ਤੋਂ ਵੱਡੇ ਏਅਰ ਸ਼ੋਅ ਵਜੋਂ ਜਾਣੇ ਜਾਂਦੇ ਇਸ ਦੇ 15ਵੇਂ ਐਡੀਸ਼ਨ ਦੀ ਮੇਜ਼ਬਾਨੀ 10 ਤੋਂ 14 ਫ਼ਰਵਰੀ ਤਕ ਬੈਂਗਲੁਰੂ ਦੇ ਯੇਲਹੰਕਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਕੀਤੀ ਜਾਵੇਗੀ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੁਲ 42,000 ਵਰਗ ਮੀਟਰ ਖੇਤਰ ਵਿਚ ਹੋਣ ਵਾਲੇ ਅਤੇ 150 ਵਿਦੇਸ਼ੀ ਕੰਪਨੀਆਂ ਸਮੇਤ 900 ਤੋਂ ਵੱਧ ਪ੍ਰਦਰਸ਼ਕਾਂ ਦੀ ਪੁਸ਼ਟੀ ਨਾਲ ਇਹ ਪ੍ਰੋਗਰਾਮ ਹੁਣ ਤਕ ਦਾ ਸੱਭ ਤੋਂ ਵੱਡਾ ‘ਏਰੋ ਇੰਡੀਆ’ ਹੋਵੇਗਾ।
ਬਿਆਨ ਅਨੁਸਾਰ, ‘‘ਇਤਿਹਾਸ ’ਚ ਪਹਿਲੀ ਵਾਰ ਏਅਰੋ ਇੰਡੀਆ 2025 ’ਚ ਦੁਨੀਆਂ ਦੇ ਦੋ ਸੱਭ ਤੋਂ ਆਧੁਨਿਕ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਰੂਸੀ ਐਸ.ਯੂ.-57 ਅਤੇ ਅਮਰੀਕੀ ਐੱਫ-35 ਲਾਈਟਨਿੰਗ-2 ਹਿੱਸਾ ਲੈਣਗੇ।’’ ਮੰਤਰਾਲੇ ਨੇ ਕਿਹਾ ਕਿ ਇਹ ਗਲੋਬਲ ਰੱਖਿਆ ਸਹਿਯੋਗ ਅਤੇ ਤਕਨੀਕੀ ਤਰੱਕੀ ਵਿਚ ਇਕ ਮੀਲ ਪੱਥਰ ਹੈ, ਜਿਸ ਨਾਲ ਹਵਾਬਾਜ਼ੀ ਪ੍ਰੇਮੀਆਂ ਅਤੇ ਰੱਖਿਆ ਮਾਹਰਾਂ ਨੂੰ ਇਨ੍ਹਾਂ ਅਤਿ ਆਧੁਨਿਕ ਜੰਗੀ ਜਹਾਜ਼ਾਂ ਨੂੰ ਵੇਖਣ ਦੀ ਬੇਮਿਸਾਲ ਸੰਭਾਵਨਾ ਮਿਲੇਗੀ।