ਬਨੂੜ ਵਾਰਡ ਨੰ: 1 ਹਵੇਲੀ ਬਸੀ ਦੇ 27 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਦੇਰ ਸ਼ਾਮ ਮਾਣਕਪੁਰ ਕੱਲਰ ਦੇ ਸਮਸ਼ਾਨ ਘਾਟ ’ਚੋਂ ਮਿਲੀ। ਇਸ ਤੋਂ ਦੋ ਦਿਨ ਪਹਿਲਾਂ 9 ਫ਼ਰਵਰੀ ਨੂੰ ਨੱਗਲ ਸਲੇਮਪੁਰ ਦੇ 17 ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ।

ਇਨ੍ਹਾਂ ਦੋਵੇਂ ਨੌਜਵਾਨਾਂ ਦੀ ਮੌਤਾਂ ਤੋਂ ਚਿੰਤਤ ਇਲਾਕੇ ਦੇ ਮੋਹਤਬਰ ਵਿਆਕਤੀਆਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਨਸ਼ਿਆ ਵਿਰੁਧ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਟਹਿਲ ਸਿੰਘ ਨੇ ਦਸਿਆ ਕਿ ਉਹ ਕੱਲ ਸਵੇਰੇ ਘਰ ਤੋਂ ਕੰਮ ਤੇ ਗਿਆ ਸੀ, ਪਰ ਦੇਰ ਸ਼ਾਮ ਤਕ ਘਰ ਨਹੀ ਪਰਤਿਆ।
ਦੇਰ ਸ਼ਾਮ ਏਰੋਸਿਟੀ ਥਾਣੇ ਤੋਂ ਪੁਲਿਸ ਦਾ ਫ਼ੋਨ ਆਇਆ ਤੇ ਕਿਹਾ ਕਿ ਉਨਾਂ ਦੇ ਲੜਕੇ ਦੀ ਲਾਸ਼ ਮਾਣਕਪੁਰ ਕੱਲਰ ਦੇ ਸਮਸ਼ਾਨ ਘਾਟ ਵਿਚ ਪਈ ਸੀ ਤੇ ਉਸ ਨੂੰ ਸਿਵਲ ਹਸਪਤਾਲ ਫ਼ੇਸ-6 ਮੁਹਾਲੀ ਵਿਖੇ ਲਿਆਂਦਾ ਗਿਆ ਹੈ। ਸੰਦੀਪ ਸਿੰਘ ਅਪਣੇ ਮਾਪਿਆ ਦਾ ਇੱਕਲੌਤਾ ਪੁੱਤਰ ਸੀ ਤੇ ਡੇਢ ਸਾਲਾ ਬੱਚੀ ਦਾ ਪਿਤਾ ਸੀ।
ਉਸ ਦੀ ਮਾਂ ਕੈਂਸਰ ਦੀ ਮਰੀਜ਼ ਹੈ। ਪੁਲਿਸ ਨੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ। ਥਾਣਾ ਮੁੱਖੀ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਨੱਗਲ ਸਲੇਮਪੁਰ ਦੀ ਘਟਨਾ ਨਾਲ ਸਬੰਧਤ ਮੁਕੱਦਮਾ ਦਰਜ ਕਰ ਕੇ ਸੱਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਹੋਰ ਵੀ ਕਈ ਪੁਲਿਸ ਦੀ ਰਡਾਰ ’ਤੇ ਹਨ।