ਭਾਜਪਾ ਦੇ ਕੌਮੀ ਪ੍ਰਧਾਨ ਲਈ ਚੋਣ ਪ੍ਰਕਿਰਿਆ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਪਾਰਟੀ ਨੂੰ ਹੋਲੀ (14 ਮਾਰਚ) ਤੋਂ ਪਹਿਲਾਂ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਜਾਵੇਗਾ। ਇਸ ਵਾਰ ਰਾਸ਼ਟਰੀ ਪ੍ਰਧਾਨ ਲਈ ਦਖਣੀ ਭਾਰਤ ਤੋਂ ਕਿਸੇ ਨੇਤਾ ਦੇ ਨਾਂ ’ਤੇ ਸਹਿਮਤੀ ਬਣ ਸਕਦੀ ਹੈ। ਕਿਉਂਕਿ, ਭਾਜਪਾ ਦਾ ਧਿਆਨ ਹੁਣ ਦਖਣੀ ਰਾਜਾਂ ’ਤੇ ਹੈ।

ਫ਼ਰਵਰੀ ਦੇ ਅੰਤ ਤਕ 18 ਰਾਜਾਂ ਦੇ ਸੂਬਾ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੁੰਦੇ ਹੀ ਰਾਸ਼ਟਰੀ ਪ੍ਰਧਾਨ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਜਾਵੇਗਾ।
ਭਾਜਪਾ ਦੇ ਸੰਵਿਧਾਨ ਅਨੁਸਾਰ ਕੌਮੀ ਪ੍ਰਧਾਨ ਦੀ ਚੋਣ ਉਦੋਂ ਹੀ ਕਰਵਾਈ ਜਾ ਸਕਦੀ ਹੈ ਜਦੋਂ ਦੇਸ਼ ਦੇ ਘੱਟੋ-ਘੱਟ ਅੱਧੇ ਸੂਬਿਆਂ ਦੇ ਸੂਬਾ ਪ੍ਰਧਾਨ ਚੁਣੇ ਜਾਣ। ਪਾਰਟੀ ਦੇ ਇਕ ਆਗੂ ਅਨੁਸਾਰ ਮੌਜੂਦਾ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਹੋਰ ਕਾਰਜਕਾਲ ਦੇਣ ਦੀ ਥਾਂ ਪਾਰਟੀ ਨਵੇਂ ਕੌਮੀ ਪ੍ਰਧਾਨ ਦੀ ਚੋਣ ਕਰੇਗੀ।
ਹਾਲਾਂਕਿ, ਭਾਜਪਾ ਦੇ ਸੰਵਿਧਾਨ ਅਨੁਸਾਰ, ਇਕ ਵਿਅਕਤੀ ਨੂੰ ਲਗਾਤਾਰ ਦੋ ਵਾਰ ਰਾਸ਼ਟਰੀ ਪ੍ਰਧਾਨ ਚੁਣਿਆ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਨੱਡਾ ਤਕਨੀਕੀ ਤੌਰ ’ਤੇ ਰਾਸ਼ਟਰੀ ਪ੍ਰਧਾਨ ਬਣਨ ਦੇ ਯੋਗ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੜ ਪ੍ਰਧਾਨ ਬਣਨ ਦੀ ਬਜਾਏ ਕਿਸੇ ਨਵੇਂ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਸੌਂਪਣ ਦੀ ਗੱਲ ਕਹੀ ਹੈ।