ਇੰਗਲੈਂਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਮਨਜੋਤ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਵਜੋਂ ਹੋਈ ਹੈ। ਜੋ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ਨਾਲ ਸਬੰਧਿਤ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿਛਲੇ ਲਗਪਗ ਡੇਢ ਸਾਲ ਤੋਂ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ‘ਚ ਰਹਿੰਦਾ ਸੀ ਤੇ ਦੱਸ ਦਿਨ ਪਹਿਲਾਂ ਉਕਤ ਨੌਜਵਾਨ ਉੱਥੇ ਰਹਿੰਦੇ ਪਛਾਣ ਵਾਲਿਆਂ ਨੂੰ ਸ਼ੱਕੀ ਹਾਲਤ ਵਿੱਚ ਜ਼ਖ਼ਮੀ ਮਿਲਿਆ ਤੇ ਉਨ੍ਹਾਂ ਵੱਲੋਂ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਹਰਮਨਜੋਤ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਪਰ ਬੀਤੇ ਦਿਨ ਉਸ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਣ ਪਰਿਵਾਰ ‘ਚ ਇਕੱਲੀ ਉਸ ਦੀ ਮਾਤਾ ਕੁਲਬੀਰ ਕੌਰ ਤੇ ਉਸ ਦੀ ਵੱਡੀ ਭੈਣ ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ, ਰਹਿ ਗਏ ਹਨ। ਮ੍ਰਿਤਕ ਦੀ ਮਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਹਰਮਨਜੋਤ ਦੀ ਮੌਤ ਮਗਰ ਕੋਈ ਡੂੰਘੀ ਸਾਜਿਸ਼ ਹੈ ਤੇ ਉਸ ਦੇ ਪੁੱਤ ਦੇ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਤੇ ਪੰਜਾਬ ਸਰਕਾਰ ਕੋਲੋਂ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ‘ਚ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ।