ਡਿਪੋਰਟ ਲੋਕਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਤੋਂ ਡਿਪੋਰਟ ਹੋਏ 300 ਦੇ ਕਰੀਬ ਲੋਕਾਂ ਨੂੰ ਪਨਾਮਾ ਨੇੜੇ ਹੋਟਲ ‘ਚ ਨਜ਼ਰਬੰਦ ਕੀਤਾ ਗਿਆ ਹੈ ਤੇ ਉਹ ਮਦਦ ਦੀ ਗੁਹਾਰ ਲਗਾ ਰਹੇ ਹਨ। ਉਥੇ ਪੁਲਿਸ ਦਾ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਤੇ ਇਨ੍ਹਾਂ ਪ੍ਰਵਾਸੀਆਂ ਦੀ ਖਿੜਕੀਆਂ ਤੋਂ ਮਦਦ ਮੰਗਦੇ ਹੋਏ ਦੀ ਤਸਵੀਰ ਸਾਹਮਣੇ ਆ ਰਹੀ ਹੈ।

    ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਬਹੁਤੇ ਡਿਪੋਰਟੀਜ਼ ਈਰਾਨ, ਪਾਕਿਸਤਾਨ, ਅਫਗਾਨਿਸਤਾਨ ਤੇ ਚੀਨ ਮੁਲਕ ਨਾਲ ਸਬੰਧਤ ਹਨ। ਨਾਗਰਿਕ ਆਪਣੇ ਕਮਰਿਆਂ ਵਿਚੋਂ ਬਾਹਰ ਨਹੀਂ ਆ ਪਾ ਰਹੇ ਹਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਚੋਂ 40 ਫੀਸਦੀ ਆਪਣੀ ਸਵੈ-ਇੱਛਾ ਨਾਲ ਆਪਣੇ ਮੁਲਕ ਵਾਪਸ ਨਹੀਂ ਜਾਣਾ ਚਾਹੁੰਦੇ ਹਨ। ਅਮਰੀਕਾ ਨੇ ਇਨ੍ਹਾਂ ਡਿਪੋਰਟੀਜ਼ ਨੂੰ ਸਿੱਧਾ ਇਨ੍ਹਾਂ ਦੇ ਮੁਲਕ ਪਹੁੰਚਾਉਣ ਵਿਚ ਮੁਸ਼ਕਲ ਆ ਰਹੀ ਹੈ ਜਿਸ ਕਰਕੇ ਪਨਾਮਾ ਨੂੰ ਠਹਿਰ ਪੁਆਇੰਟ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

    ਪਨਾਮਾ ਦੇ ਸੁਰੱਖਿਆ ਮੰਤਰੀ ਫ੍ਰੈਂਕ ਏਬ੍ਰੇਗੋ ਮੁਤਾਬਕ ਇਨ੍ਹਾਂ ਪ੍ਰਵਾਸੀਆਂ ਨੂੰ ਖਾਣੇ ਤੇ ਇਲਾਜ ਸਣੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਅਮਰੀਕਾ-ਪਨਾਮਾ ਵਿਚ ਜਾਰੀ ਇਕ ਸਮਝੌਤੇ ਤਹਿਤ ਇਹ ਪੂਰੀ ਵਿਵਸਥਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪੂਰੇ ਆਪ੍ਰੇਸ਼ਨ ਦਾ ਖਰਚਾ ਅਮਰੀਕਾ ਵੱਲੋਂ ਚੁੱਕਿਆ ਜਾ ਰਿਹਾ ਹੈ।

    ਸੋਸ਼ਲ ਮੀਡੀਆ ‘ਤੇ ਕੁਝ ਪ੍ਰਵਾਸੀਆਂ ਦੀ ਖਿੜਕੀਆਂ ਤੋਂ ਮਦਦ ਮੰਗਦੇ ਹੋਏ ਤਸਵੀਰ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਸੁਰੱਖਿਆ ਮੰਤਰੀ ਫ੍ਰੈਂਕ ਏਬ੍ਰੇਗੋ ਦਾ ਕਹਿਣਾ ਹੈ ਕਿ ਲੋਕ ਕੈਦ ਵਿਚ ਨਹੀਂ ਹਨ ਪਰ ਇਨ੍ਹਾਂ ਕੋਲ ਕਮਰੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਪੂਰੇ ਹੋਟਲ ਦੀ ਸੁਰੱਖਿਆ ਕਰ ਰਹੀ ਹੈ।