ਜੰਡਿਆਲਾ : ਅਣਪਛਾਤੇ ਹਮਲਾਵਰਾਂ ਦੇ ਵੱਲੋਂ ਦਿਨ-ਦਿਹਾੜੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਕਿ ਬਾਈਕ ‘ਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਹਨ ਅਤੇ ਫਿਰ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ। ਜਿਸ ‘ਤੇ ਤਾਬੜਤੋੜ ਗੋਲੀਆਂ ਚਲਾ ਕੇ ਉਹ ਫਰਾਰ ਹੋ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਹਾਲਾਂਕਿ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ 10 ਤੋਂ 12 ਰਾਊਂਡ ਦੇ ਕਰੀਬ ਫਾਇਰਿੰਗ ਹੋਈ ਹੈ ਅਤੇ ਨੌਜਵਾਨ ਫਿਲਹਾਲ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੀਆਂ ਹੀ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚੀਆਂ ਹਨ ਅਤੇ ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ।

ਪੁਲਿਸ ਨੂੰ ਮੌਕੇ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਪਰ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਉਹੀ ਮੋਟਰਸਾਈਕਲ ਹੈ ਜਿਸ ਤੇ ਹਮਲਾਵਰ ਸਵਾਰ ਹੋ ਕੇ ਆਏ ਸਨ ਜਾਂ ਜ਼ਖਮੀ ਹੋਏ ਨੌਜਵਾਨ ਦਾ ਹੈ। ਪੁਲਿਸ ਦੇ ਵੱਲੋਂ ਵੱਖ-ਵੱਖ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਗੋਲੀ ਚੱਲਣ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ ਕਿ ਆਖਿਰ ਹਮਲਾਵਰਾਂ ਨੇ ਇਸ ਨੌਜਵਾਨ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ। ਇਹ ਘਟਨਾ ਜੰਡਿਆਲਾ ਵਿਖੇ ਵਾਪਰੀ ਹੈ, ਜਿਥੇ ਦਿਨ-ਦਿਹਾੜੇ ਹੀ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਹਨ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।