ਰੂਸ-ਯੂਕਰੇਨ ਜੰਗ ਦੇ ਤਿੰਨ ਸਾਲ ਪੂਰੇ ਹੋਣ ’ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਲਿਆਂਦੇ ਗਏ ਦੋ ਮਤਿਆਂ – ਇਕ ਅਮਰੀਕਾ ਦੁਆਰਾ ਅਤੇ ਦੂਜਾ ਯੂਕਰੇਨ ਅਤੇ ਯੂਰਪ ਦੁਆਰਾ – ਨੂੰ ਲੈ ਕੇ ਸੰਯੁਕਤ ਰਾਸ਼ਟਰ ਵਿਚ ਪਏ ਘਸਮਾਣ ਵਿਚਕਾਰ, ਭਾਰਤ ਨੇ ਦੋਵਾਂ ’ਤੇ ਵੋਟਿੰਗ ਕਰਨ ਤੋਂ ਖ਼ੁਦ ਨੂੰ ਵੱਖ ਰਖਿਆ। ਦੋਵੇਂ ਮਤੇ 93 ਵੋਟਾਂ ਨਾਲ ਸਵੀਕਾਰ ਕੀਤੇ ਗਏ, ਕਿਉਂਕਿ ਯੂਰਪੀਅਨ ਸੰਘ ਦੇ ਮੈਂਬਰ ਵਿਆਪਕ ਸ਼ਾਂਤੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ 193-ਮੈਂਬਰੀ ਸੰਸਥਾ ਤੋਂ ਸਮਰਥਨ ਇਕੱਠਾ ਕਰਨ ਲਈ ਅਮਰੀਕੀਆਂ ’ਤੇ ਭਾਰੀ ਪੈਂਦੇ ਦਿਖੇ।

    ਸੰਯੁਕਤ ਰਾਸ਼ਟਰ (ਯੂ. ਐੱਨ.) ਮਹਾਸਭਾ ’ਚ ਮੰਗਲਵਾਰ ਨੂੰ ਯੂਕ੍ਰੇਨ ਦੇ ਪ੍ਰਸਤਾਵ ਵਿਰੁਧ ਅਮਰੀਕਾ ਨੇ ਰੂਸ ਦੇ ਸਮਰਥਨ ’ਚ ਵੋਟਿੰਗ ਕੀਤੀ। ਯੂਕਰੇਨ ਨੇ ਰੂਸ ਨਾਲ ਜੰਗ ਦੇ 3 ਸਾਲ ਪੂਰੇ ਹੋਣ ’ਤੇ ਸੰਯੁਕਤ ਰਾਸ਼ਟਰ ’ਚ ਮਤਾ ਪੇਸ਼ ਕੀਤਾ ਸੀ। ਮਤੇ ਵਿਚ ਰੂਸੀ ਹਮਲੇ ਦੀ ਨਿੰਦਾ ਕਰਨ ਅਤੇ ਯੂਕਰੇਨ ਤੋਂ ਰੂਸੀ ਫ਼ੌਜ ਦੀ ਵਾਪਸੀ ਸ਼ਾਮਲ ਸੀ। ਆਪਣੀਆਂ ਪੁਰਾਣੀਆਂ ਨੀਤੀਆਂ ਦੇ ਉਲਟ ਅਮਰੀਕਾ ਨੇ ਅਪਣੇ ਸਾਥੀ ਯੂਰਪੀ ਦੇਸ਼ਾਂ ਵਿਰੁਧ ਜਾ ਕੇ ਇਸ ਪ੍ਰਸਤਾਵ ਦੇ ਉਲਟ ਵੋਟਿੰਗ ਕੀਤੀ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਅਤੇ ਇਜ਼ਰਾਈਲ ਨੇ ਯੂਕਰੇਨ ਦੇ ਖ਼ਿਲਾਫ਼ ਵੋਟਿੰਗ ਕੀਤੀ ਹੈ।

    ਜਦੋਂ ਕਿ ਭਾਰਤ ਅਤੇ ਚੀਨ ਸਮੇਤ 65 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਪ੍ਰਸਤਾਵ ਦਾ ਸਮਰਥਨ ਕਰਨ ਵਾਲਿਆਂ ਵਿਚ ਜਰਮਨੀ, ਬ੍ਰਿਟੇਨ ਅਤੇ ਫ਼ਰਾਂਸ ਵਰਗੇ ਪ੍ਰਮੁੱਖ ਯੂਰਪੀਅਨ ਦੇਸ਼ ਸ਼ਾਮਲ ਹਨ। ਇਸ ਪ੍ਰਸਤਾਵ ਨੂੰ 18 ਦੇ ਮੁਕਾਬਲੇ 93 ਵੋਟਾਂ ਨਾਲ ਪਾਸ ਕੀਤਾ ਗਿਆ। ਯੂਕਰੇਨ ਦੀ ਉਪ ਵਿਦੇਸ਼ ਮੰਤਰੀ ਮਾਰੀਆਨਾ ਬੇਤਸਾ ਨੇ ਦੇਸ਼ਾਂ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇਕ ਪ੍ਰਸਤਾਵ ਦਾ ਸਮਰਥਨ ਕਰਨ ਲਈ ਕਿਹਾ ਹੈ ਜਿਸ ਵਿਚ ਯੂਕਰੇਨ ਤੋਂ ਰੂਸੀ ਫ਼ੌਜਾਂ ਨੂੰ ਤੁਰਤ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ ਹੈ।

    ਯੂਕਰੇਨੀ ਪ੍ਰਸਤਾਵ ਵਿਚ ਤਿੰਨ ਮੁੱਖ ਮੰਗਾਂ ਹਨ
    ਯੂਕਰੇਨ ਤੋਂ ਰੂਸੀ ਫ਼ੌਜਾਂ ਦੀ ਤੁਰਤ ਵਾਪਸੀ
    ਯੂਕਰੇਨ ਵਿਚ ਸਥਾਈ ਅਤੇ ਕੇਵਲ ਸ਼ਾਂਤੀ
    ਯੁੱਧ ਅਪਰਾਧਾਂ ਲਈ ਰੂਸ ਦੀ ਜਵਾਬਦੇਹੀ

    ਅਮਰੀਕੀ ਪ੍ਰਸਤਾਵ ’ਚ ਰੂਸ ਦਾ ਕੋਈ ਜ਼ਿਕਰ ਨਹੀਂ ਹੈ, ਅਮਰੀਕਾ ਨੇ ਸੰਯੁਕਤ ਰਾਸ਼ਟਰ ’ਚ 3 ਪੈਰੇ ਦਾ ਪ੍ਰਸਤਾਵ ਵੀ ਪੇਸ਼ ਕੀਤਾ ਹੈ। ਇਸ ਵਿਚ ਨਾ ਤਾਂ ਰੂਸੀ ਹਮਲੇ ਦਾ ਕੋਈ ਜ਼ਿਕਰ ਸੀ ਅਤੇ ਨਾ ਹੀ ਕੋਈ ਨਿੰਦਾ। ਇਸ ਵਿਚ ਦੋਵਾਂ ਦੇਸ਼ਾਂ ਵਿਚ ਹੋਏ ਜਾਨੀ-ਮਾਲੀ ਨੁਕਸਾਨ ’ਤੇ ਹੀ ਸ਼ੋਕ ਪ੍ਰਗਟ ਕੀਤਾ ਗਿਆ। ਅਮਰੀਕਾ ਨੇ ਕਿਹਾ ਕਿ ਉਹ ਯੂਕਰੇਨ ਅਤੇ ਰੂਸ ਵਿਚਕਾਰ ਲੜਾਈ ਦੇ ਛੇਤੀ ਅੰਤ ਅਤੇ ਸਥਾਈ ਸ਼ਾਂਤੀ ਦੀ ਅਪੀਲ ਕਰਦਾ ਹੈ।