ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਮੰਗਲਵਾਰ ਨੂੰ 2026 ਤੋਂ ਸਾਲ ’ਚ ਦੋ ਵਾਰ 10ਵੀਂ ਜਮਾਤ ਦੇ ਬੋਰਡ ਇਮਤਿਹਾਨ ਕਰਵਾਉਣ ਲਈ ਨਿਯਮਾਂ ਦੇ ਖਰੜੇ ਨੂੰ ਮਨਜ਼ੂਰੀ ਦੇ ਦਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖਰੜਾ ਨਿਯਮਾਂ ਨੂੰ ਜਨਤਕ ਕੀਤਾ ਜਾਵੇਗਾ ਅਤੇ ਹਿੱਤਧਾਰਕਾਂ 9 ਮਾਰਚ ਤਕ ਅਪਣੇ ਵਿਚਾਰ ਦੇਣ ਦੀ ਉਮੀਦ ਹੈ, ਜਿਸ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦਿਤਾ ਜਾਵੇਗਾ।
ਖਰੜਾ ਨਿਯਮਾਂ ਅਨੁਸਾਰ 10ਵੀਂ ਜਮਾਤ ਦੀ ਬੋਰਡ ਇਮਤਿਹਾਨ ਦਾ ਪਹਿਲਾ ਪੜਾਅ 17 ਫ਼ਰਵਰੀ ਤੋਂ 6 ਮਾਰਚ, 2026 ਤਕ ਹੋਵੇਗਾ, ਜਦਕਿ ਦੂਜਾ ਪੜਾਅ 5 ਮਈ ਤੋਂ 20 ਮਈ, 2026 ਤਕ ਹੋਵੇਗਾ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਦੋਵੇਂ ਇਮਤਿਹਾਨ ਪੂਰੇ ਸਿਲੇਬਸ ਨੂੰ ਕਵਰ ਕਰਨਗੇ। ਵਿਦਿਆਰਥੀਆਂ ਨੂੰ ਦੋਹਾਂ ਪੜਾਵਾਂ ਲਈ ਇਕੋ ਇਮਤਿਹਾਨ ਕੇਂਦਰ ਅਲਾਟ ਕੀਤਾ ਜਾਵੇਗਾ। ਇਮਤਿਹਾਨ ਫੀਸ ’ਚ ਵਾਧਾ ਕੀਤਾ ਜਾਵੇਗਾ ਅਤੇ ਅਰਜ਼ੀਆਂ ਦਾਖਲ ਕਰਦੇ ਸਮੇਂ ਵਿਦਿਆਰਥੀਆਂ ਤੋਂ ਦੋਹਾਂ ਇਮਤਿਹਾਨ ਲਈ ਚਾਰਜ ਲਿਆ ਜਾਵੇਗਾ।’’
ਅਧਿਕਾਰੀ ਦੇ ਅਨੁਸਾਰ, ‘‘ਬੋਰਡ ਇਮਤਿਹਾਨ ਦਾ ਪਹਿਲਾ ਅਤੇ ਦੂਜਾ ਪੜਾਅ ਪੂਰਕ ਇਮਤਿਹਾਨ ਵਜੋਂ ਵੀ ਕੰਮ ਕਰੇਗਾ ਅਤੇ ਕਿਸੇ ਵੀ ਹਾਲਤ ’ਚ ਕੋਈ ਵਿਸ਼ੇਸ਼ ਇਮਤਿਹਾਨ ਨਹੀਂ ਲਈ ਜਾਵੇਗੀ।’’