ਬੀਤੇ ਦਿਨਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਪਣਾਈ ਗਈ ਪ੍ਰਵਾਸੀਆਂ ਪ੍ਰਤੀ ਨੀਤੀ ਤਹਿਤ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਵਿਚੋਂ ਕੱਢ ਦਿੱਤਾ ਗਿਆ। ਇਸ ਮੁਹਿੰਮ ਵਿਚ ਕਈ ਭਾਰਤੀ ਵੀ ਸ਼ਿਕਾਰ ਬਣੇ। ਖਾਸ ਕਰਕੇ ਪੰਜਾਬੀ ਨੌਜਵਾਨ ਵੀ ਇਸ ਦੀ ਲਪੇਟ ਵਿਚ ਆ ਗਏ। ਬੀਤੇ ਦਿਨੀਂ ਅਮਰੀਕਾ ਦੇ ਤਿੰਨ ਫ਼ੌਜੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉੱਤਰੇ।
ਜਦੋਂ ਇਹ ਨੌਜਵਾਨ ਹਵਾਈ ਅੱਡੇ ‘ਤੇ ਉਤਾਰੇ ਗਏ ਤਾਂ ਉਨ੍ਹਾਂ ਦੀ ਹਾਲਤ ਵੇਖ ਕੇ ਹਰ ਵਿਅਕਤੀ ਨੂੰ ਦੁੱਖ ਲੱਗਿਆ ਕਿਉਂਕਿ ਉਨ੍ਹਾਂ ਵਿਚੋਂ ਅਮਰੀਕਾ ਵਿਚੋਂ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਪਹਿਨਾਈਆਂ ਗਈਆਂ ਸਨ, ਕਈਆਂ ਦੇ ਸਿਰ ‘ਤੇ ਦਸਤਾਰ ਵੀ ਨਹੀਂ ਸੀ। ਉਨ੍ਹਾਂ ਨਾਲ ਆਮ ਲੋਕਾਂ ਨੂੰ ਇਸ ਕਰ ਕੇ ਵੀ ਹਮਦਰਦੀ ਜਾਗੀ ਕਿਉਂਕਿ ਉਹ ਲੋਕ ਲੱਖਾਂ ਰੁਪਏ ਖ਼ਰਚ ਕਰ ਕੇ, ਬਿਖੜੇ ਪੈਂਡੇ ਤੈਅ ਕਰ ਕੇ ਅਮਰੀਕਾ ਪਹੁੰਚੇ ਸਨ ਤੇ ਅੱਜ ਉਨ੍ਹਾਂ ਪੱਲੇ ਕੁਝ ਵੀ ਨਹੀਂ।
ਇਸੇ ਵਿਸ਼ੇ ‘ਤੇ ਜਦੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡੰਕੀ ਲਾ ਕੇ ਵੀ ਕਿਸੇ ਦੇਸ਼ ਵਿਚ ਜਾਣਾ ਨਸ਼ਿਆਂ ਵਰਗੀ ਖ਼ਤਰਨਾਕ ਬੀਮਾਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਨੇ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਇਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਤੇ ਡੰਕੀ ਲਗਾ ਕੇ ਜਾਣ ਵਾਲੇ ਲੋਕ ਉਸ ਦੇਸ਼ ਦੇ ਅਪਰਾਧੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਲੋਕਾਂ ਨੂੰ ਛੱਡ ਤਾਂ ਗਿਆ ਭਾਵੇਂ ਕਿਵੇਂ ਵੀ ਛੱਡ ਕੇ ਗਿਆ। ਇਸ ਬਾਰੇ ਜ਼ਿਆਦਾ ਚਰਚਾ ਨਹੀਂ ਹੋਣੀ ਚਾਹੀਦੀ।