ਉਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦੇ ਵਿਚਕਾਰ, ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਦੇ ਸਰਹੱਦੀ ਮਾਨਾ ਪਿੰਡ ਦੇ ਨੇੜੇ ਸ਼ੁੱਕਰਵਾਰ ਸਵੇਰੇ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ 55 ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਕਰਮਚਾਰੀਆਂ ਵਿੱਚੋਂ 33 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂ ਕਿ 22 ਹੋਰਾਂ ਦੀ ਭਾਲ ਜਾਰੀ ਹੈ।ਰਾਜ ਆਫ਼ਤ ਪ੍ਰਬੰਧਨ ਅਤੇ ਮੁੜ ਵਸੇਬਾ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਇੱਥੇ ਕਿਹਾ ਕਿ ਸ਼ੁਰੂ ਵਿੱਚ ਇਹ ਰਿਪੋਰਟ ਮਿਲੀ ਸੀ ਕਿ ਬਦਰੀਨਾਥ ਧਾਮ ਤੋਂ 6 ਕਿਲੋਮੀਟਰ ਅੱਗੇ ਵਾਪਰੀ ਬਰਫ਼ਬਾਰੀ ਦੀ ਘਟਨਾ ਵਿੱਚ 57 ਮਜ਼ਦੂਰ ਫਸ ਗਏ ਹਨ, ਪਰ ਹੁਣ ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਦੋ ਮਜ਼ਦੂਰ ਛੁੱਟੀ ‘ਤੇ ਹੋਣ ਕਰ ਕੇ ਮੌਕੇ ‘ਤੇ 55 ਮਜ਼ਦੂਰ ਮੌਜੂਦ ਸਨ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]

ਉਨ੍ਹਾਂ ਕਿਹਾ ਕਿ ਸ਼ਾਮ 5 ਵਜੇ ਤਕ 32 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦੋਂ ਕਿ ਦੇਰ ਰਾਤ ਇੱਕ ਹੋਰ ਮਜ਼ਦੂਰ ਨੂੰ ਬਾਹਰ ਕੱਢਿਆ ਗਿਆ। ਸੁਮਨ ਨੇ ਕਿਹਾ, “ਇਸ ਤਰ੍ਹਾਂ, ਹੁਣ ਤਕ ਕੁੱਲ 33 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ ਜਦੋਂ ਕਿ 22 ਹੋਰਾਂ ਦੀ ਭਾਲ ਜਾਰੀ ਹੈ।”ਉਤਰਾਖੰਡ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਫਸੇ ਹੋਏ ਮਜ਼ਦੂਰ ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਦੇ ਹਨ। ਸੂਚੀ ਵਿੱਚ 10 ਮਜ਼ਦੂਰਾਂ ਦੇ ਨਾਮ ਵੀ ਹਨ, ਪਰ ਉਨ੍ਹਾਂ ਦੇ ਰਾਜਾਂ ਦਾ ਜ਼ਿਕਰ ਨਹੀਂ ਹੈ।ਸੁਮਨ ਨੇ ਮੰਨਿਆ ਕਿ ਬਚਾਅ ਕਾਰਜ ਚੁਣੌਤੀਪੂਰਨ ਸਨ ਕਿਉਂਕਿ ਬਰਫ਼ ਖਿਸਕਣ ਵਾਲੀ ਥਾਂ ਦੇ ਨੇੜੇ ਸੱਤ ਫੁੱਟ ਤਕ ਬਰਫ਼ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ 65 ਤੋਂ ਵੱਧ ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।

ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇੱਕ ਵਾਰ ਫਿਰ ਦੇਰ ਰਾਤ ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸ਼ਨੀਵਾਰ ਸਵੇਰ ਤੋਂ ਹੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੇ ਨਾਲ-ਨਾਲ ਰਾਜ ਸਰਕਾਰੀ ਏਜੰਸੀ ‘ਯੁਕਾਡਾ’ ਅਤੇ ਨਿੱਜੀ ਕੰਪਨੀਆਂ ਦੇ ਹੈਲੀਕਾਪਟਰਾਂ ਨੂੰ ਬਚਾਅ ਕਾਰਜਾਂ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਕਿਹਾ, “ਅਸੀਂ ਹਰੇਕ ਵਰਕਰ ਦੀ ਸੁਰੱਖਿਅਤ ਵਾਪਸੀ ਲਈ ਜੋ ਵੀ ਸੰਭਵ ਹੋ ਸਕੇ ਕਰਾਂਗੇ।” ਧਾਮੀ ਅੱਜ ਬਰਫ਼ਬਾਰੀ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੌਕੇ ਦਾ ਦੌਰਾ ਵੀ ਕਰ ਸਕਦੇ ਹਨ।ਭਾਰਤੀ ਹਵਾਈ ਸੈਨਾ ਦੇ MI-17 ਹੈਲੀਕਾਪਟਰ ਖੋਜ ਅਤੇ ਬਚਾਅ ਕਾਰਜ ਵਿੱਚ ਸ਼ਾਮਲ ਹੋਣ ਲਈ ਸ਼ਨੀਵਾਰ ਸਵੇਰੇ ਮਾਨਾ ਲਈ ਰਵਾਨਾ ਹੋਣਗੇ। ਧਾਮੀ ਨੇ ਦੇਰ ਸ਼ਾਮ SEOC ਵਿਖੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜੋਸ਼ੀਮੱਠ ਵਿੱਚ ਵੀ ਇੱਕ ਆਫ਼ਤ ਕੰਟਰੋਲ ਰੂਮ ਸਥਾਪਤ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਮਾਨਾ ਹੈਲੀਪੈਡ ਨੂੰ ਪਹਿਲ ਦੇ ਆਧਾਰ ‘ਤੇ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਜ਼ਖਮੀਆਂ ਨੂੰ ਐਮਆਈ-17 ਹੈਲੀਕਾਪਟਰਾਂ ਰਾਹੀਂ ਲਿਜਾਇਆ ਜਾ ਸਕੇ। ਇਸ ਤੋਂ ਇਲਾਵਾ, ਆਰਮੀ ਹਸਪਤਾਲ, ਜ਼ਿਲ੍ਹਾ ਹਸਪਤਾਲ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਰਿਸ਼ੀਕੇਸ਼ ਸਮੇਤ ਸਾਰੇ ਹਸਪਤਾਲਾਂ ਵਿੱਚ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਧਾਮੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਜ਼ਖਮੀਆਂ ਨੂੰ ਏਅਰ ਐਂਬੂਲੈਂਸ ਰਾਹੀਂ ਏਮਜ਼, ਰਿਸ਼ੀਕੇਸ਼ ਲਿਆਂਦਾ ਜਾਵੇ।

ਫ਼ੌਜ ਨੇ ਕਿਹਾ ਕਿ ਬਰਫ਼ ਖਿਸਕਣ ਦਾ ਇਹ ਹਾਦਸਾ ਸਵੇਰੇ 5.30 ਵਜੇ ਤੋਂ 6 ਵਜੇ ਦੇ ਵਿਚਕਾਰ ਹੋਇਆ, ਜਿਸ ਕਾਰਨ ਮਜ਼ਦੂਰ 8 ਕੰਟੇਨਰਾਂ ਅਤੇ 1 ਸ਼ੈੱਡ ਦੇ ਅੰਦਰ ਦੱਬ ਗਏ। ਇਸ ਦੀ ਤੇਜ਼ ਪ੍ਰਤੀਕਿਰਿਆ ਟੀਮ ਨੂੰ ਤੁਰਤ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਸੀ ਜਿਸ ਵਿੱਚ ‘ਆਈਬੈਕਸ ਬ੍ਰਿਗੇਡ’ ਦੇ 100 ਤੋਂ ਵੱਧ ਕਰਮਚਾਰੀ ਸ਼ਾਮਲ ਸਨ, ਜਿਨ੍ਹਾਂ ਨੂੰ ਉਚਾਈ ਵਾਲੇ ਬਚਾਅ ਕਾਰਜਾਂ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਗਈ ਸੀ। ਟੀਮ ਵਿੱਚ ਇੱਕ ਡਾਕਟਰ ਅਤੇ ਇੱਕ ਐਂਬੂਲੈਂਸ ਸ਼ਾਮਲ ਹੈ।ਸੁਮਨ ਦੇ ਅਨੁਸਾਰ, ਸਥਿਤੀ ਗੰਭੀਰ ਹੈ ਕਿਉਂਕਿ ‘ਕੰਟੇਨਰ’ ਛੇ ਤੋਂ ਸੱਤ ਫੁੱਟ ਬਰਫ਼ ਹੇਠ ਦੱਬੇ ਹੋਏ ਹਨ। ਇਹ ਕਾਮੇ ਫੌਜ ਦੀ ਆਵਾਜਾਈ ਲਈ ਨਿਯਮਿਤ ਤੌਰ ‘ਤੇ ਬਰਫ਼ ਹਟਾਉਂਦੇ ਹਨ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ, ਪੁਲਿਸ, ਫੌਜ, ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ, ਇੰਡੋ-ਤਿੱਬਤੀ ਬਾਰਡਰ ਪੁਲਿਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਖਰਾਬ ਮੌਸਮ, ਲਗਾਤਾਰ ਬਰਫ਼ਬਾਰੀ ਅਤੇ ਭਾਰੀ ਠੰਢ ਦੇ ਵਿਚਕਾਰ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ।

ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਫੌਜ ਅਤੇ ਆਈਟੀਬੀਪੀ ਦੀ ਟੀਮ ਨੂੰ ਪਹਿਲਾਂ ਹੀ 10 ਮਜ਼ਦੂਰ ਮਿਲ ਚੁੱਕੇ ਹਨ ਅਤੇ ਉਹ ਇਸ ਸਮੇਂ ਆਈਟੀਬੀਪੀ ਹਸਪਤਾਲ ਵਿੱਚ ਹਨ।ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਮਿਲੇ 10 ਲੋਕਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।ਬਦਰੀਨਾਥ ਤੋਂ ਲਗਭਗ 3 ਕਿਲੋਮੀਟਰ ਦੂਰ, ਮਾਨਾ, ਭਾਰਤ ਤਿੱਬਤ ਸਰਹੱਦ ‘ਤੇ ਸਥਿਤ ਆਖ਼ਰੀ ਪਿੰਡ ਹੈ, ਜੋ 3200 ਮੀਟਰ ਦੀ ਉਚਾਈ ‘ਤੇ ਸਥਿਤ ਹੈ।ਮਾਨਾ ਤੋਂ ਆ ਰਹੀਆਂ ਤਸਵੀਰਾਂ ਵਿੱਚ ਬਚਾਅ ਕਰਮਚਾਰੀਆਂ ਨੂੰ ਚਿੱਟੇ ਰੰਗ ਦੇ ਲੈਂਡਸਕੇਪ ਵਿੱਚ ਬਰਫ਼ ਦੇ ਉੱਚੇ ਢੇਰਾਂ ਵਿੱਚੋਂ ਲੰਘਦੇ ਦਿਖਾਇਆ ਗਿਆ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਫਸੇ ਲੋਕਾਂ ਨੂੰ ਬਚਾਉਣਾ ਸਰਕਾਰ ਦੀ ਤਰਜੀਹ ਹੈ। ‘ਐਕਸ’ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਸੰਬੰਧੀ ਮੁੱਖ ਮੰਤਰੀ ਧਾਮੀ, ਆਈਟੀਬੀਪੀ ਦੇ ਡਾਇਰੈਕਟਰ ਜਨਰਲ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਨਾਲ ਗੱਲ ਕੀਤੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰਕੇ ਫਸੇ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਨਡੀਆਰਐਫ਼ ਨੇ ਕਿਹਾ ਕਿ ਉਸਨੇ ਆਪਣੀਆਂ ਚਾਰ ਟੀਮਾਂ ਚਮੋਲੀ ਭੇਜੀਆਂ ਹਨ। ਐਨਡੀਆਰਐਫ਼ ਦੇ ਡਾਇਰੈਕਟਰ ਜਨਰਲ ਪਿਊਸ਼ ਆਨੰਦ ਨੇ ਪੀਟੀਆਈ ਨੂੰ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਚਾਰ ਹੋਰ ਯੂਨਿਟਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।ਚਮੋਲੀ ਆਫ਼ਤ ਪ੍ਰਬੰਧਨ ਅਧਿਕਾਰੀ ਐਨ ਕੇ ਜੋਸ਼ੀ ਨੇ ਕਿਹਾ ਕਿ ਮਾਨਾ ਵਿੱਚ ਮੌਜੂਦ ਫੌਜ ਅਤੇ ਆਈਟੀਬੀਪੀ ਦੀਆਂ ਟੀਮਾਂ ਸਵੇਰ ਤੋਂ ਹੀ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਪਰ ਬਾਹਰੋਂ ਭੇਜੀਆਂ ਗਈਆਂ ਟੀਮਾਂ ਖ਼ਰਾਬ ਮੌਸਮ ਕਾਰਨ ਰਸਤੇ ਵਿੱਚ ਫ਼ਸੀਆਂ ਹੋਈਆਂ ਹਨ।

ਮਾਨਾ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ‘ਤੇ ਹਾਦਸਾ ਹੋਇਆ ਹੈ, ਉਹ ਜਗ੍ਹਾ ਸਰਦੀਆਂ ਵਿੱਚ ਬਰਫ਼ਬਾਰੀ ਦੇ ਦ੍ਰਿਸ਼ਟੀਕੋਣ ਤੋਂ ਖ਼ਤਰਨਾਕ ਮੰਨੀ ਜਾਂਦੀ ਹੈ, ਇਸ ਲਈ ਪਹਿਲਾਂ ਲੋਕਾਂ ਨੂੰ ਇਸ ਕੈਂਪ ਤੋਂ ਹਟਾ ਕੇ ਬਦਰੀਨਾਥ ਵਿੱਚ ਰੱਖਿਆ ਜਾਂਦਾ ਸੀ। ਮਾਨਾ ਪਿੰਡ ਦੇ ਮੁਖੀ ਪੀਤਾਂਬਰ ਸਿੰਘ ਨੇ ਦੱਸਿਆ ਕਿ ਇਸ ਵਾਰ ਬਰਫ਼ਬਾਰੀ ਨਾ ਹੋਣ ਕਾਰਨ ਕੈਂਪ ਬੰਦ ਨਹੀਂ ਕੀਤਾ ਗਿਆ ਸੀ ਅਤੇ ਇਸੇ ਕਰਕੇ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋਏ।ਬਦਰੀਨਾਥਧਾਮ ਨਰ ਅਤੇ ਨਾਰਾਇਣ ਪਹਾੜਾਂ ਦੇ ਪੈਰਾਂ ‘ਤੇ ਸਥਿਤ ਹੈ ਅਤੇ ਅਲਕਨੰਦਾ ਨਦੀ ਇਸ ਵਿੱਚੋਂ ਵਗਦੀ ਹੈ। ਇਹ ਹਾਦਸਾ ਨਾਰ ਪਹਾੜ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਵਾਪਰਿਆ। ਚੰਡੀਗੜ੍ਹ ਸਥਿਤ ਡਿਫੈਂਸ ਜੀਓਇਨਫਾਰਮੈਟਿਕਸ ਰਿਸਰਚ ਇਸਟੈਬਲਿਸ਼ਮੈਂਟ (ਡੀਜੀਆਰਈ) ਨੇ ਵੀਰਵਾਰ ਸ਼ਾਮ 5 ਵਜੇ ਚਮੋਲੀ, ਉੱਤਰਕਾਸ਼ੀ, ਰੁਦਰਪ੍ਰਯਾਗ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿੱਚ 2,400 ਮੀਟਰ ਤੋਂ ਵੱਧ ਦੀ ਉਚਾਈ ‘ਤੇ ਸਥਿਤ ਥਾਵਾਂ ‘ਤੇ 24 ਘੰਟਿਆਂ ਲਈ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਸੀ।

ਦੇਹਰਾਦੂਨ ਸਥਿਤ ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਇਨ੍ਹਾਂ ਜ਼ਿਲ੍ਹਿਆਂ ਵਿੱਚ 3,500 ਮੀਟਰ ਅਤੇ ਇਸ ਤੋਂ ਵੱਧ ਦੀ ਉਚਾਈ ਵਾਲੀਆਂ ਥਾਵਾਂ ‘ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਵੀ ਕੀਤੀ ਹੈ। ਇਸ ਤੋਂ ਬਾਅਦ, ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਨੇ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਸ ਬਾਰੇ ਸੁਚੇਤ ਕੀਤਾ ਸੀ।