ਬਰਫਬਾਰੀ ਅਤੇ ਮੀਂਹ ਕਾਰਨ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਸ਼ੁਕਰਵਾਰ ਨੂੰ ਸੜਕਾਂ ਬੰਦ ਹੋ ਗਈਆਂ। ਬਰਫਬਾਰੀ ਅਤੇ ਮੀਂਹ ਕਾਰਨ ਉਤਰਾਖੰਡ ’ਚ ਬਰਫੀਲੇ ਤੂਫਾਨ ’ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 35 ਮਜ਼ਦੂਰ ਫਸ ਗਏ, ਜਦਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਇਕ ਹੋਰ ਬਰਫ ਦੇ ਤੋਦੇ ਡਿੱਗਣ ਦਾ ਖਤਰਾ ਹੈ। ਜੰਮੂ-ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਤੀਜੇ ਦਿਨ ਮੀਂਹ ਪੈਣ ਕਾਰਨ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ ਰਹੇ। ਮੀਂਹ ਕਾਰਨ ਪੰਜਾਬ ਅਤੇ ਹਰਿਆਣਾ ’ਚ ਤਾਪਮਾਨ ’ਚ ਵੀ ਗਿਰਾਵਟ ਆਈ।
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਨਾ ਨੇੜੇ ਸ਼ੁਕਰਵਾਰ ਨੂੰ ਬਰਫ ਖਿਸਕਣ ਕਾਰਨ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੇ 57 ਮਜ਼ਦੂਰ ਬਰਫ ਹੇਠ ਦੱਬ ਗਏ। ਇਨ੍ਹਾਂ ’ਚੋਂ 32 ਨੂੰ ਬਚਾ ਲਿਆ ਗਿਆ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਦਸਿਆ ਕਿ ਮਾਨਾ ਅਤੇ ਬਦਰੀਨਾਥ ਦੇ ਵਿਚਕਾਰ ਸਥਿਤ ਬੀ.ਆਰ.ਓ. ਕੈਂਪ ਬਰਫ ਦੇ ਤੂਫਾਨ ਦੀ ਲਪੇਟ ’ਚ ਆ ਗਿਆ। ਬਦਰੀਨਾਥ ਤੋਂ ਲਗਭਗ 3 ਕਿਲੋਮੀਟਰ ਦੂਰ, ਮਾਨਾ ਭਾਰਤ-ਤਿੱਬਤ ਸਰਹੱਦ ’ਤੇ 3200 ਮੀਟਰ ਦੀ ਉਚਾਈ ’ਤੇ ਸਥਿਤ ਆਖਰੀ ਪਿੰਡ ਹੈ। ਲਗਾਤਾਰ ਮੀਂਹ ਅਤੇ ਬਰਫਬਾਰੀ ਦਰਮਿਆਨ ਰਾਹਤ ਕਾਰਜਾਂ ਲਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.) ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ।
ਜੰਮੂ ਦੇ ਊਧਮਪੁਰ ਜ਼ਿਲ੍ਹੇ ਦੇ ਮੌਂਗਰੀ ਇਲਾਕੇ ’ਚ ਸ਼ੁਕਰਵਾਰ ਸਵੇਰੇ ਇਕ ਪਹਾੜੀ ਤੋਂ ਪੱਥਰ ਡਿੱਗਣ ਨਾਲ ਦੋ ਪਹੀਆ ਵਾਹਨ ’ਤੇ ਸਵਾਰ ਸ਼ਾਨੋ ਦੇਵੀ (50) ਅਤੇ ਉਸ ਦੇ ਬੇਟੇ ਰਘੂ (25) ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਕਠੂਆ ਜ਼ਿਲ੍ਹੇ ਦੇ ਰਾਜਬਾਗ ਇਲਾਕੇ ’ਚ ਉਝ ਨਦੀ ’ਚੋਂ ਪੁਲਿਸ ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (ਐੱਸ.ਡੀ.ਆਰ.ਐੱਫ.) ਦੀ ਸਾਂਝੀ ਟੀਮ ਨੇ 11 ਮਜ਼ਦੂਰਾਂ ਨੂੰ ਬਚਾਇਆ। ਮੀਂਹ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ ਉਹ ਉਸਾਰੀ ਵਾਲੀ ਥਾਂ ਦੇ ਨੇੜੇ ਇਕ ਕੈਂਪ ’ਚ ਫਸੇ ਹੋਏ ਸਨ। ਜੰਮੂ ਦੇ ਨਿਖੀ ਤਵੀ ਇਲਾਕੇ ’ਚ ਪੁਲਿਸ ਅਤੇ ਐਸ.ਡੀ.ਆਰ.ਐਫ. ਦੀ ਟੀਮ ਨੇ ਇਕ ਡੰਪਰ ਡਰਾਈਵਰ ਨੂੰ ਵੀ ਬਚਾਇਆ। ਸੂਬੇ ’ਚ ਲਗਾਤਾਰ ਤੀਜੇ ਦਿਨ ਰੁਕ-ਰੁਕ ਕੇ ਬਰਫਬਾਰੀ ਅਤੇ ਮੀਂਹ ਪੈਣ ਕਾਰਨ ਹਾਈਵੇਅ ਬੰਦ ਹੋ ਗਿਆ ਹੈ।
ਕਸ਼ਮੀਰ ਘਾਟੀ ’ਚ ਰਾਤ ਭਰ ਹੋਈ ਬਰਫਬਾਰੀ ਕਾਰਨ ਰੇਲ, ਹਵਾਈ ਅਤੇ ਸੜਕ ਆਵਾਜਾਈ ਪ੍ਰਭਾਵਤ ਹੋਈ। ਭਾਰੀ ਬਰਫਬਾਰੀ ਕਾਰਨ ਬਡਗਾਮ-ਬਾਰਾਮੂਲਾ ਸੈਕਸ਼ਨ ’ਤੇ ਰੇਲ ਆਵਾਜਾਈ ਪ੍ਰਭਾਵਤ ਹੋਈ। ਜੰਮੂ-ਕਸ਼ਮੀਰ ਸਰਕਾਰ ਨੇ ਮੌਜੂਦਾ ਮੌਸਮ ਦੇ ਮੱਦੇਨਜ਼ਰ ਘਾਟੀ ਅਤੇ ਜੰਮੂ ਡਿਵੀਜ਼ਨ ਦੇ ਸਰਦੀਆਂ ਦੇ ਖੇਤਰਾਂ ’ਚ ਸਕੂਲਾਂ ਦੀਆਂ ਛੁੱਟੀਆਂ ਛੇ ਦਿਨਾਂ ਲਈ ਵਧਾ ਦਿਤੀਆਂ ਹਨ। ਸਕੂਲ 7 ਮਾਰਚ ਨੂੰ ਦੁਬਾਰਾ ਖੁੱਲ੍ਹਣਗੇ।
ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਕਾਰਨ ਲਗਭਗ 200 ਸੜਕਾਂ ਬੰਦ ਹੋ ਗਈਆਂ ਹਨ ਅਤੇ ਕੁਲੂ, ਲਾਹੌਲ-ਸਪੀਤੀ, ਕਿੰਨੌਰ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦਾ ਰਾਜ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਸੂਬੇ ’ਚ 2,300 ਮੀਟਰ ਤੋਂ ਉੱਚੇ ਇਲਾਕਿਆਂ ’ਚ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿਤੀ ਗਈ ਹੈ। ਚੰਬਾ ਅਤੇ ਮਨਾਲੀ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿਤੇ ਗਏ ਹਨ। ਹਾਲਾਂਕਿ, ਸੀ.ਬੀ.ਐਸ.ਈ. ਬੋਰਡ ਦੀਆਂ ਇਮਤਿਹਾਨ ਨਿਰਧਾਰਤ ਸਮੇਂ ਅਨੁਸਾਰ ਹੋਣਗੀਆਂ। ਪੰਜਾਬ ’ਚ ਅੰਮ੍ਰਿਤਸਰ ’ਚ 17.5 ਮਿਲੀਮੀਟਰ, ਲੁਧਿਆਣਾ ’ਚ 5.8 ਮਿਲੀਮੀਟਰ, ਪਟਿਆਲਾ ’ਚ 7.2 ਮਿਲੀਮੀਟਰ, ਬਠਿੰਡਾ ’ਚ 1 ਮਿਲੀਮੀਟਰ, ਫਰੀਦਕੋਟ ’ਚ 6.1 ਮਿਲੀਮੀਟਰ, ਗੁਰਦਾਸਪੁਰ ’ਚ 20.7 ਮਿਲੀਮੀਟਰ, ਫਿਰੋਜ਼ਪੁਰ ’ਚ 10.5 ਮਿਲੀਮੀਟਰ, ਹੁਸ਼ਿਆਰਪੁਰ ’ਚ 20.5 ਮਿਲੀਮੀਟਰ ਅਤੇ ਮੋਹਾਲੀ ’ਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ ’ਚ 6.2 ਮਿਲੀਮੀਟਰ, ਹਿਸਾਰ ’ਚ 2.8 ਮਿਲੀਮੀਟਰ, ਕਰਨਾਲ ’ਚ 4 ਮਿਲੀਮੀਟਰ ਅਤੇ ਰੋਹਤਕ ’ਚ 0.6 ਮਿਲੀਮੀਟਰ ਮੀਂਹ ਪਿਆ।