ਪੰਜਾਬ ਦੇ ਜਲੰਧਰ ਵਿੱਚ KMV ਕਾਲਜ ਰੋਡ ‘ਤੇ ਸਥਿਤ ਇੱਕ ਰਿਹਾਇਸ਼ੀ ਇਲਾਕੇ ਦੇ ਇੱਕ ਕਮਰੇ ਦੇ ਅੰਦਰੋਂ 6 ਫੁੱਟ ਲੰਬਾ ਸੱਪ ਨਿਕਲਣ ਤੋਂ ਬਾਅਦ ਹੜਕੰਪ ਮੱਚ ਗਿਆ। ਕਰੀਬ 2 ਘੰਟੇ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਕਾਬੂ ਕਰ ਕੇ ਬਕਸੇ ‘ਚ ਪਾ ਕੇ ਜੰਗਲ ‘ਚ ਛੱਡ ਦਿੱਤਾ। ਫੜਿਆ ਗਿਆ ਸੱਪ ਜ਼ਹਿਰੀਲਾ ਸੀ ਅਤੇ ਇਸ ਦੀ ਲੰਬਾਈ ਕਰੀਬ 6 ਫੁੱਟ ਸੀ।ਖੁਸ਼ਕਿਸਮਤੀ ਰਹੀ ਕਿ ਸੱਪ ਨੇ ਕਿਸੇ ਨੂੰ ਡੰਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ KMV ਰੋਡ ’ਤੇ ਸਥਿਤ ਸੜਕ ’ਤੇ ਇੱਕ ਵਿਅਕਤੀ ਵੱਲੋਂ ਕਮਰੇ ਬਣਾਏ ਗਏ ਹਨ। ਜਿੱਥੇ ਕਈ ਪ੍ਰਵਾਸੀ ਪਰਿਵਾਰ ਆਪਣੇ ਬੱਚਿਆਂ ਨਾਲ ਰਹਿੰਦੇ ਹਨ। ਹਰ ਰੋਜ਼ ਦੀ ਤਰ੍ਹਾਂ ਕੱਲ੍ਹ ਵੀ ਉਹ ਆਪਣੇ ਬੱਚਿਆਂ ਸਮੇਤ ਉਕਤ ਘਰ ਦੇ ਅੰਦਰ ਮੌਜੂਦ ਸੀ। ਦੁਪਹਿਰ ਸਮੇਂ ਅਚਾਨਕ ਪ੍ਰਵਾਸੀ ਪਰਿਵਾਰ ਨੇ ਸੱਪ ਦੀ ਹਰਕਤ ਵੇਖੀ ਤਾਂ ਪਹਿਲਾਂ ਤਾਂ ਇਹ ਭੁਲੇਖਾ ਜਿਹਾ ਲੱਗਿਆ ਪਰ ਜਦੋਂ ਨੇੜਿਓਂ ਦੇਖਿਆ ਤਾਂ 6 ਫੁੱਟ ਲੰਬਾ ਸੱਪ ਸੀ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਜੰਗਲਾਤ ਵਿਭਾਗ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਘਟਨਾ ਦੀਆਂ ਕੁਝ ਵੀਡੀਓ ਫੋਟੋਆਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਜੰਗਲਾਤ ਗਾਰਡ ਸੱਪ ਨੂੰ ਕਾਬੂ ਕਰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਕੰਟਰੋਲ ਰੂਮ ਨੂੰ ਸੂਚਨਾ ਦੇਣ ਤੋਂ ਕਰੀਬ ਅੱਧੇ ਘੰਟੇ ਬਾਅਦ ਵਣ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਦੀ ਟੀਮ ਦੇ ਵਣ ਗਾਰਡ ਪ੍ਰਦੀਪ ਮੌਕੇ ‘ਤੇ ਪਹੁੰਚ ਗਏ। ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਿਸੇ ਤਰ੍ਹਾਂ ਸੱਪ ਨੂੰ ਘਰ ਦੇ ਅੰਦਰੋਂ ਫੜ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਥਾਂ ਤੋਂ ਸੱਪ ਨਿਕਲਿਆ ਉਸ ਥਾਂ ’ਤੇ ਚਾਰ ਕਮਰੇ ਸਨ। ਪ੍ਰਵਾਸੀ ਪਰਿਵਾਰ ਤਿੰਨ ਵਿੱਚ ਰਹਿੰਦੇ ਹਨ ਅਤੇ ਸਾਰਿਆਂ ਨੇ ਇੱਕ ਕਮਰੇ ਨੂੰ ਆਪਣਾ ਸਟੋਰ ਰੂਮ ਬਣਾਇਆ ਹੋਇਆ ਹੈ। ਵਣ ਗਾਰਡ ਨੇ ਸਭ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਕਮਰਿਆਂ ਤੋਂ ਬਾਹਰ ਕੱਢਿਆ ਅਤੇ ਤਿੰਨੋਂ ਕਮਰਿਆਂ ਦੀ ਤਲਾਸ਼ੀ ਲਈ। ਪਰ ਉਨ੍ਹਾਂ ਵਿਚੋਂ ਕੁਝ ਨਹੀਂ ਮਿਲਿਆ। ਸਟੋਰ ਰੂਮ ਦੀ ਤਲਾਸ਼ੀ ਲੈਣ ‘ਤੇ ਇਕ ਸੱਪ ਮਿਲਿਆ। ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ- ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਨੂੰ ਘਰ ਵਿੱਚ ਸੱਪ ਨਜ਼ਰ ਆਉਂਦਾ ਹੈ ਤਾਂ ਉਸ ਦੇ ਨੇੜੇ ਜਾਣ ਦੀ ਬਜਾਏ ਵਣ ਵਿਭਾਗ ਨੂੰ ਸੂਚਿਤ ਕੀਤਾ ਜਾਵੇ।