ਵਾਤਾਵਰਣ ਤਬਦੀਲੀ ਦੇਸ਼ ਦੀ ਖੇਤੀ ’ਤੇ ਵੱਡਾ ਅਸਰ ਪਾ ਸਕਦੀ ਹੈ। ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਕਾਰਨ ਭਾਰਤ ’ਚ ਝੋਨੇ ਅਤੇ ਕਣਕ ਦੀ ਪੈਦਾਵਾਰ ’ਚ 6 ਤੋਂ 10 ਫ਼ੀ ਸਦੀ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੱਖਾਂ ਲੋਕਾਂ ਲਈ ਸਸਤੇ ਭੋਜਨ ਤਕ ਪਹੁੰਚ ਪ੍ਰਭਾਵਤ ਹੋਵੇਗੀ। ਉਥੇ ਹੀ ਵਾਤਾਵਰਣ ਤਬਦੀਲੀ ਕਾਰਨ ਸਮੁੰਦਰ ਦਾ ਪਾਣੀ ਗਰਮ ਹੋ ਰਿਆ ਹੈ। ਜਿਸ ਕਾਰਨ ਮੱਛੀਆਂ ਡੂੰਘੇ ਸਮੁੰਦਰ ’ਚ ਠੰਢੇ ਪਾਣੀ ਵਿਚ ਜਾ ਰਹੀ ਹੈ। ਇਸ ਦਾ ਅਸਰ ਮਛੇਰੇ ਭਾਈਚਾਰੇ ’ਤੇ ਵੀ ਪਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਦੇ ਮਹਾਨਿਰਦੇਸ਼ਕ ਮਰਤਿਉਂਜੈ ਮਹਾਪਾਤਰ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਨਾਲ ਕਣਕ ਅਤੇ ਚੌਲਾਂ ਦੀ ਫ਼ਸਲ ’ਚ ਕਮੀ ਆਵੇਗੀ, ਜਿਸ ਦਾ ਦੇਸ਼ ਦੇ ਕਿਸਾਨਾਂ ਅਤੇ ਖ਼ੁਰਾਕ ਸੁਰੱਖਿਆ ’ਤੇ ਮਹੱਤਵਪੂਰਨ ਅਸਰ ਪਵੇਗਾ।
ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਪਛਮੀ ਦਬਾਅ ਦੀ ਬਾਰੰਬਾਰਤਾ ਅਤੇ ਤੀਬਰਤਾ ਵੀ ਘੱਟ ਹੋ ਰਹੀ ਹੈ। ਇਸ ਨਾਲ ਵੀ ਮੌਸਮ ਪ੍ਰਣਾਲੀ ’ਚ ਬਦਲਾਅ ਆ ਰਿਹਾ ਹੈ।
ਭੂ-ਵਿਗਿਆਨ ਮੰਤਰਾਲੇ ਦੇ ਸਕੱਤਰ ਐਮ.ਰਵਿਚੰਦਰਨ ਨੇ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਨੇੜਲੇ ਭਵਿੱਖ ’ਚ ਹਿਮਾਲਿਆ ਅਤੇ ਉਸ ਦੇ ਹੇਠਾਂ ਦੇ ਮੈਦਾਨੀ ਇਲਾਕਿਆਂ ’ਚ ਰਹਿਣ ਵਾਲੇ ਕਰੋੜਾਂ ਲੋਕਾਂ ਲਈ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਇਨੋਵੇਸ਼ਨ ਇਨ ਕਲਾਈਮੇਟ ਰੈਜ਼ੀਲੈਂਟ ਐਗਰੀਕਲਚਰ (ਨਿਕਰਾ) ਅਨੁਸਾਰ ਸਾਲ 2100 ਤਕ ਭਾਰਤ ਵਿਚ ਕਣਕ ਦੀ ਪੈਦਾਵਾਰ ’ਚ 6 ਤੋਂ 25 ਫ਼ੀ ਸਦੀ ਤਕ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਚੌਲਾਂ ਦਾ ਉਤਪਾਦਨ 2050 ਤਕ ਸੱਤ ਫ਼ੀ ਸਦੀ ਅਤੇ 2080 ਤਕ 10 ਫ਼ੀ ਸਦੀ ਤਕ ਘੱਟ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਮੁੰਦਰੀ ਤਾਪਮਾਨ ਵਧਣ ਕਾਰਨ ਤੱਟ ਨੇੜੇ ਮੱਛੀਆਂ ਫੜਨ ਦੀ ਮਾਤਰਾ ਵੀ ਘੱਟ ਰਹੀ ਹੈ। ਸਕੱਤਰ ਨੇ ਕਿਹਾ ਕਿ ਇਨਸਾਨਾਂ ਵਾਂਗ ਮੱਛੀਆਂ ਵੀ ਠੰਢਾ ਪਾਣੀ ਪਸੰਦ ਕਰਦੀਆਂ ਹਨ। ਜਿਵੇਂ-ਜਿਵੇਂ ਸਮੁੰਦਰ ਦਾ ਤਾਪਮਾਨ ਵਧਦਾ ਹੈ, ਮੱਛੀਆਂ ਕਿਨਾਰੇ ਤੋਂ ਠੰਢੇ ਪਾਣੀਆਂ ਵਲ ਵਧ ਰਹੀਆਂ ਹਨ। ਇਸ ਨਾਲ ਮਛੇਰੇ ਭਾਈਚਾਰੇ ਲਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਤ ਹੋ ਸਕਦੀ ਹੈ।