ਜਲੰਧਰ(ਵਿੱਕੀ ਸੂਰੀ) ਨਗਰ ਨਿਗਮ ਨੇ ਜਲੰਧਰ ਦੇ ਬਸਤੀ ਸ਼ੇਖ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਬਣਾਈ ਗਈ ਗੈਰ-ਕਾਨੂੰਨੀ ਇਮਾਰਤ ਵਿਰੁਧ ਕਾਰਵਾਈ ਕੀਤੀ ਅਤੇ ਘਰ ਨੂੰ ਢਾਹ ਦਿੱਤਾ।  ਜਾਣਕਾਰੀ ਅਨੁਸਾਰ ਇਹ ਰੇਖਾ ਨਾਮ ਦੀ ਔਰਤ ਦਾ ਘਰ ਸੀ, ਜਿਸ ਦੀ ਇਮਾਰਤ ਨੂੰ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਸੀ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਵੈਸਟ ਸਰਵਨਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਨੂੰ ਗ਼ੈਰ-ਕਾਨੂੰਨੀ ਇਮਾਰਤ ਸਬੰਧੀ ਸ਼ਿਕਾਇਤ ਮਿਲੀ ਸੀ। ਜਿਸ ਕਾਰਨ ਉਹ ਨਗਰ ਨਿਗਮ ਦੀ ਟੀਮ ਦੇ ਨਾਲ ਇਮਾਰਤ ਢਾਹੁਣ ਲਈ ਆਏ ਸਨ। ਦਰਅਸਲ, ਇਸ ਮਾਮਲੇ ਸਬੰਧੀ ਨਗਰ ਨਿਗਮ ਵੱਲੋਂ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਾ ਸੀ, ਜਿਸ ਕਾਰਨ ਅੱਜ ਕਾਰਵਾਈ ਕੀਤੀ ਗਈ ਹੈ। ਜਿਸ ਦੌਰਾਨ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਾਮਲੇ ਦੀ ਪੁਸ਼ਟੀ ਕੀਤੀ ਗਈ ਤਾਂ ਇਹ ਖ਼ੁਲਾਸਾ ਹੋਇਆ ਕਿ ਮਹਿਲਾ ਨਸ਼ਾ ਤਸਕਰ ਲਖਵੀਰ ਕੌਰ ਉਰਫ਼ ਰੇਖਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਪਹਿਲਾਂ ਹੀ ਮਾਮਲੇ ਦਰਜ ਹਨ। ਉਸ ਦੇ ਪਰਿਵਾਰ ਵਿਰੁਧ ਐਨਡੀਪੀਐਸ ਐਕਟ ਅਤੇ ਚੋਰੀ ਦੀਆਂ ਧਾਰਾਵਾਂ ਤਹਿਤ ਵੀ ਕਈ ਮਾਮਲੇ ਦਰਜ ਹਨ। ਜਿਸ ਕਾਰਨ ਰੇਖਾ ਅਜੇ ਵੀ ਕਪੂਰਥਲਾ ਜੇਲ ਵਿੱਚ ਬੰਦ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਏਟੀਪੀ ਸੁਖਦੇਵ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਉਕਤ ਪਰਿਵਾਰ ਇਸ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ, ਗ਼ੈਰ-ਕਾਨੂੰਨੀ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਭੇਜਿਆ ਗਿਆ ਸੀ, ਪਰ ਕੋਈ ਜਵਾਬ ਨਾ ਮਿਲਣ ‘ਤੇ ਅੱਜ ਕਾਰਵਾਈ ਕੀਤੀ ਗਈ।