ਹਰਿਆਣਾ ਦੇ ਫਤਿਹਾਬਾਦ ਦੇ ਰਤੀਆ ਰੋਡ ਉਤੇ ਐਮਐਮ ਕਾਲਜ ਨੇੜੇ ਇੱਕ ਨਿੱਜੀ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਸੂਬੇ ਵਿਚ ਰੋਡਵੇਜ਼ ਦੀ ਹੜਤਾਲ ਹੋਣ ਕਾਰਨ ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਈ ਸੀ, ਹਾਲਾਂਕਿ ਅੱਗ ਲੱਗਦਿਆਂ ਹੀ ਸਵਾਰੀਆਂ ਨੇ ਬੱਸ ’ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ, ਪਰ ਲਗਭਗ ਸਾਰੀਆਂ ਸਵਾਰੀਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

    ਬੱਸ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਸਨ ਅਤੇ ਕਈ ਛੱਠ ਪੂਜਾ ਲਈ ਬਿਹਾਰ ਜਾ ਰਹੇ ਸਨ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਬੱਸ ਪੂਰੀ ਤਰ੍ਹਾਂ ਸੜ ਗਈ।

    ਜਾਣਕਾਰੀ ਅਨੁਸਾਰ ਫਤਿਹਾਬਾਦ ਤੋਂ ਟੋਹਾਣਾ ਰੂਟ ‘ਤੇ ਚੱਲ ਰਹੀ ਪ੍ਰਾਈਵੇਟ ਬੱਸ ਵਿਚ ਰੋਡਵੇਜ਼ ਦੀ ਹੜਤਾਲ ਹੋਣ ਕਾਰਨ 60 ਤੋਂ ਵੱਧ ਸਵਾਰੀਆਂ ਸਨ। ਫਤਿਹਾਬਾਦ ‘ਚ ਰਤੀਆ ਓਵਰਬ੍ਰਿਜ ਨੇੜੇ ਆਉਂਦੇ ਹੀ ਬੱਸ ਦੇ ਇੰਜਣ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਅੱਗ ਪੂਰੀ ਤਰ੍ਹਾਂ ਫੈਲ ਗਈ। ਡਰਾਈਵਰ ਨੇ ਤੁਰੰਤ ਬੱਸ ਰੋਕ ਦਿੱਤੀ ਅਤੇ ਸਵਾਰੀਆਂ ਹੇਠਾਂ ਉਤਰ ਗਈਆਂ। ਸਵਾਰੀਆਂ ਕੋਲ ਉਤਰਨ ਦਾ ਸਮਾਂ ਹੀ ਬਚਿਆ, ਜਿਸ ਤੋਂ ਪਹਿਲਾਂ ਹੀ ਬੱਸ ਬੁਰੀ ਤਰ੍ਹਾਂ ਸੜਨ ਲੱਗ ਪਈ।

    ਰਤੀਆ ਵੱਲੋਂ ਆਈ ਬਜ਼ੁਰਗ ਔਰਤ ਮਿੰਦੋ ਦੇਵੀ ਨੇ ਦੱਸਿਆ ਕਿ ਉਹ ਨਰਮਾ ਚੁਗਾਈ ਲਈ ਰਾਜਸਥਾਨ ਦੇ ਨੌਹਰ ਜਾ ਰਹੀ ਸੀ। ਨਰਮਾ ਦੀ ਪਿਛਲੇ ਕੁਝ ਦਿਨਾਂ ਤੋਂ ਦਿਹਾੜੀ 25 ਹਜ਼ਾਰ ਰੁਪਏ ਦੇ ਕਰੀਬ ਸੀ, ਜਿਸ ਵਿਚੋਂ 24 ਹਜ਼ਾਰ ਰੁਪਏ ਬੈਗ ਵਿਚ ਸਨ। ਅੱਗ ਨਾਲ ਬੈਗ ਸੜ ਕੇ ਸੁਆਹ ਹੋ ਗਿਆ।