ਸੋਹਾਣਾ ਵਿਖੇ ਸ਼ਨਿਚਰਵਾਰ ਨੂੰ ਜਦੋਂ ਤਿੰਨ ਮੰਜ਼ਲਾ ਇਮਾਰਤ ਢਹਿ-ਢੇਰੀ ਹੋਣ ਨਾਲ ਦੋ ਲੋਕਾਂ ਦੀ ਜਾਨ ਚਲੀ ਗਈ ਤਾਂ ਘੂਕ ਸੁੱਤੇ ਪਏ ਪ੍ਰਸ਼ਾਸਨਕ ਅਧਿਕਾਰੀ ਤੇ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਜਾਗ ਆ ਗਈ। ਨਗਰ ਨਿਗਮ ਮੋਹਾਲੀ ਨੇ ਵੱਡੇ ਹਾਦਸੇ ਤੋਂ ਵੱਡਾ ਸਬਕ ਲੈਂਦਿਆਂ ਅਜਿਹੀਆਂ ਗ਼ੈਰ-ਕਾਨੂੰਨੀ ਨਿਰਮਾਣ ਵਾਲੀਆਂ ਇਮਾਰਤਾਂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਖਿੱਚ ਲਈ ਹੈ।ਇਹੀ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਹਾਦਸੇ ਦੇ ਸਮਾਬੱਧ ਮੈਜਿਸਟਰੇਟ ਜਾਂਚ ਦੇ ਹੁਕਮ ਦਿਤੇ ਹਨ। ਇਸ ਇਮਾਰਤ ਵਿਚ ਕੀ ਊਣਤਾਈਆਂ ਤੇ ਕਿਸ ਦਾ ਕਿੰਨਾ ਕਸੂਰ ਸੀ, ਇਹ ਜਾਂਚ ਦਾ ਵਿਸ਼ਾ ਹੈ ਪਰ ਕਾਰਵਾਈ ਵਾਲੇ ਪਾਸੇ ਤੁਰ ਕੇ ਪ੍ਰਸ਼ਾਸਨ ਨੇ ਦੇਰ ਆਇਦ, ਦਰੁੱਸਤ ਆਇਦ ਦੀ ਕਹਾਵਤ ਨੂੰ ਸੱਚ ਕਰ ਦਿਤਾ ਹੈ।

    ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨੇ ਇਸ ਸ਼ਹਿਰ ਦੀ ਹਦੂਦ ਵਿਚਲੀਆਂ ਗ਼ੈਰ-ਕਾਨੂੰਨੀ ਨਿਰਮਾਣਾਂ/ ਇਮਾਰਤਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿਤੀ ਹੈ। ਇਹੀ ਨਹੀਂ ਬਿਨਾਂ ਇਜਾਜ਼ਤ ਅਤੇ ਪ੍ਰਵਾਨਗੀ ਦੇ ਇਮਾਰਤਾਂ ਬਣਾਉਣ  ਦੀ ਜਾਂਚ ਤੋਂ ਇਲਾਵਾ ਹੁਣ ਇਹ ਵੀ ਇਨ੍ਹਾਂ ਵਿਚ ਖ਼ਾਮੀਆਂ ਮਿਲਣ ’ਤੇ ਤੁਰਤ ਸੀਲ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਸੋਹਾਣਾ ’ਚ ਡਿੱਗੀ ਇਮਾਰਤ ਦੇ ਮਾਮਲੇ ਵਿਚ ਵੀ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ। ਜਾਂਚ ਦੀ ਜ਼ਿੰਮੇਵਾਰੀ ਉਪ-ਮੰਡਲ ਮਜਿਸਟਰੇਟ ਮੋਹਾਲੀ, ਦਮਨਦੀਪ ਕੌਰ ਨੂੰ ਸੌਂਪੀ ਗਈ ਹੈ ਤੇ ਤਿੰਨ ਹਫ਼ਤੇ ਵਿਚ ਰਿਪੋਰਟ ਸੌਂਪਣ ਦੇ ਹੁਕਮ ਦਿਤੇ ਹਨ। ਐਸਡੀਐਮ ਦੀ ਅਗਵਾਈ ਵਾਲੀ ਕਮੇਟੀ ਹਾਦਸੇ ਕਾਰਨ ਅਤੇ ਨਿਰਮਾਣ ਦੀ ਸਮੇਤ ਕਈ ਹੋਰ ਕਾਨੂੰਨੀ ਪੱਖਾਂ ਤੋਂ ਇਸ ਦੀ ਜਾਂਚ ਕਰੇਗੀ।

    ਨਾ ਸਰਟੀਫ਼ੀਕੇਟ ਨਾ ਨਕਸ਼ਾ ਪਾਸ ਤਾਂ ਕਿਵੇਂ ਬਣ ਗਈ ਇਮਾਰਤ: ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ
    ਦੂਜੇ ਪਾਸੇ ਪੰਜਾਬ ਮਨੁੱਖੀ ਅਧਿਕਾਰ ਆਰਗੇਨਾਈਜ਼ੇਸ਼ਨ ਨੇ ਦਾਅਵਾ ਕੀਤਾ ਹੈ ਕਿ ਇਮਾਰਤ ਗ਼ੈਰ-ਕਾਨੂੰਨੀ ਢੰਗ ਨਾਲ ਉਸਾਰੀ ਗਈ ਸੀ, ਉਥੇ ਹੀ ਬੇਸਮੈਂਟ ਪੁੱਟਣ ਲਈ ਕੋਈ ਪ੍ਰਵਾਨਗੀ ਵੀ ਨਹੀਂ ਲਈ ਗਈ ਸੀ। ਚੇਅਰਮੈਨ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਇਸ ਮਾਮਲੇ ਵਿਚ ਟਾਊਨ ਪਲਾਨਰ ਤੇ ਨਗਰ ਨਿਗਮ ਮੋਹਾਲੀ ਦੇ ਅਧਿਕਾਰੀ ਬਰਾਬਰ ਦੇ ਜ਼ਿੰਮੇਵਾਰ ਹਨ। ਐਡਵੋਕੇਟ ਵੇਰਕਾ ਨੇ ਦਾਅਵਾ ਕੀਤਾ ਹੈ ਕਿ ਇਸ ਇਮਾਰਤ ਦਾ ਨਕਸ਼ਾ ਵੀ ਪਾਸ ਨਹੀਂ ਸੀ ਤੇ ਨਾਂ ਹੀ ਮੁਕੰਮਲ ਹੋਣ ਦਾ ਕੋਈ ਸਰਟੀਫ਼ਿਕੇਟ ਹੋਣ ਸੀ ਤਾਂ ਇਥੇ ਰਿਹਾਇਸ਼ੀ ਕਾਰਜ ਸ਼ੁਰੂ ਕਰਨ ਦੀ ਇਜਾਜ਼ਤ ਕਿਵੇਂ ਦਿਤੀ ਗਈ। ਵੇਰਕਾ, ਜੋ ਐਕਟਿੰਗ ਚੇਅਰਮੈਨ ਹਨ, ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵਿਭਾਗ ਨੇ ਸਿਰਫ਼ ਇਸ ਮਾਮਲੇ ਵਿਚ ਇਮਾਰਤ ਦੇ ਮਾਲਕਾਂ ’ਤੇ ਕਾਰਵਾਈ ਕਰਕੇ ਕਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕਾਰਵਾਈ ਤੋਂ ਬਾਹਰ ਕਰ ਦਿਤਾ ਹੈ।

    ਮੌਤ ਤੋਂ ਪਹਿਲਾਂ ਅਭੀਸ਼ੇਕ ਦੇ ਆਖ਼ਰੀ ਬੋਲ: ‘ਮੈਂ ਭੱਜ ਕੇ ਮੋਬਾਈਲ ਚੁਕ ਲਿਆਵਾਂ’ ਵੇਖਦੇ-ਵੇਖਦੇ ਉਸ ਨੂੰ ਨਿਗਲ ਗਈ ਤਿੰਨ ਮੰਜ਼ਲਾ ਇਮਾਰਤ
    ‘ਮੈਂ ਭੱਜ ਕੇ ਮੋਬਾਈਲ ਚੁਕ ਲਿਆਵਾਂ, ਮੇਰਾ ਮੋਬਾਈਲ ਜਿੰਮ ਦੇ ਅੰਦਰ ਹੀ ਰਹਿ ਗਿਆ।’ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਤਿੰਨ ਮੰਜ਼ਲਾ ਇਮਾਰਤ ਦੇ ਮਲਬੇ ’ਚੋਂ ਐਤਵਾਰ ਨੂੰ ਸਵੇਰੇ ਕਰੀਬ 9 ਵਜੇ ਬਾਹਰ ਕੱਢੇ ਅਭਿਸ਼ੇਕ ਦੇ ਇਹ ਆਖ਼ਰੀ ਸ਼ਬਦ ਸਨ। ਜਦੋਂ ਇਮਾਰਤ ਡਿੱਗਣ ਬਾਰੇ ਰੌਲ਼ਾ ਪਿਆ ਤਾਂ ਅਭਿਸ਼ੇਕ ਜਿੰਮ ਤੋਂ ਬਾਹਰ ਆ ਗਿਆ ਸੀ ਪਰ ਕਸਰਤ ਕਰਨ ਵੇਲੇ ਬਦਕਿਸਮਤੀ ਨਾਲ ਉਸ ਦਾ ਮੋਬਾਇਲ ਫ਼ੋਨ ਜਿੰਮ ਦੇ ਅੰਦਰ ਰਹਿ ਗਿਆ। ਜਦੋਂ ਨਾਲ ਇਮਾਰਤ ਦੇ ਬਾਹਰ ਖੜੇ ਲੋਕਾਂ ਨੇ ਹਿੱਲਦੀ ਹੋਈ ਇਮਾਰਤ ਨੂੰ ਵੇਖ ਕੇ ਇਸ ਦੇ ਡਿੱਗਣ ਦੇ ਖ਼ਦਸ਼ੇ ਬਾਰੇ ਰੌਲ਼ਾ ਪਾਇਆ ਤਾਂ ਅਭਿਸ਼ੇਕ ਨੇ ਦੇਖਿਆ ਕਿ ਉਸ ਦਾ ਮੋਬਾਈਲ ਤਾਂ ਇਮਾਰਤ ਦੇ ਅੰਦਰ ਹੀ ਰਹਿ ਗਿਆ ਹੈ। ਉਹ ਜਿੰਮ ਦੇ ਗੇਟ ਕੋਲ ਪੁੱਜ ਗਿਆ ਸੀ, 20 ਫੁੱਟ ਦੀ ਦੂਰੀ ਤੋਂ ਦੌੜ ਕੇ ਅੰਦਰ ਗਿਆ ਪਰ ਬਾਹਰ ਆਉਣ ਲਈ ਕਾਫ਼ੀ ਦੇਰ ਹੋ ਗਈ। ਉਸ ਦੇ ਜਿੰਮ ਵਿਚ ਦਾਖ਼ਲ ਹੋਣ ਤੋਂ ਬਾਅਦ ਹੀ ਤਿੰਨੇ ਮੰਜ਼ਲਾਂ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈਆਂ। ਅਭਿਸ਼ੇਕ ਜੋ ਪੇਸ਼ੇ ਵਜੋਂ ਜ਼ੀਰਕਪੁਰ ਦੀ ਇਕ ਕੰੰਪਨੀ ਵਿਚ ਆਈਟੀ ਮਾਹਰ ਵਜੋਂ ਨੌਕਰੀ ਕਰਦਾ ਸੀ ਸੋਹਾਣਾ ਦੇ ਇਕ ਨਿਜੀ ਇਨਕਲੇਵ ਵਿਚ ਅਪਣੇ ਪਰਵਾਰ ਨਾਲ ਰਹਿੰਦਾ ਸੀ। ਉਹ ਸਨਿਚਰਵਾਰ ਨੂੰ ਛੁੱਟੀ ਹੋਣ ਕਰ ਕੇ ਜਿੰਮ ਵਿਚ ਕਸਰਤ ਕਰਨ ਲਈ ਆਇਆ ਸੀ। ਅੰਬਾਲਾ ਵਾਸੀ ਅਭਿਸ਼ੇਕ ਦੀ ਪਤਨੀ ਵੀ ਕੋਮਲ ਵੀ ਇਥੇ ਫ਼ੇਜ਼-7 ਵਿਚ ਇਕ ਇੰਸਟੀਚਿਊਟ ਵਿਚ ਅਧਿਆਪਕਾ ਵਜੋਂ ਕੰਮ ਕਰਦੀ ਹੈ। ਵੇਰਵਿਆਂ ਅਨੁਸਾਰ ਥੋੜ੍ਹਾ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਇਸੇ ਤਰ੍ਹਾਂ 20 ਸਾਲਾਂ ਦੀ ਦ੍ਰਿਸ਼ਟੀ ਜੋ ਸ਼ਿਫ਼ਟਾਂ ’ਤੇ ਕਿਸੇ ਕੰਪਨੀ ਵਿਚ ਕੰਮ ਕਰਦੀ ਸੀ, ਆਮ ਤੌਰ ’ਤੇ ਲੇਟ ਹੀ ਘਰ ਆਉਂਦੀ ਸੀ। ਸਨਿਚਰਵਾਰ ਨੂੰ ਉਹ ਥੋੜ੍ਹਾ ਜਲਦੀ ਘਰ ਪਰਤ ਆਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ।