ਹਰਿਆਣਾ ਦੇ ਕੈਥਲ ‘ਚ ਨਵੇਂ ਸਾਲ ਦੇ ਮੌਕੇ ‘ਤੇ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖ਼ਮੀ ਹੋ ਗਏ। ਇਹ ਸਾਰੇ ਲੋਕ ਰਾਜਸਥਾਨ ਦੇ ਗੋਗਾਮੇਡੀ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ।

    ਮੌਕੇ ਤੋਂ ਲੰਘ ਰਹੇ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਕੈਥਲ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੋਂ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਕੈਥਲ ਹਸਪਤਾਲ ‘ਚ ਹੀ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ।

    ਜ਼ਖ਼ਮੀਆਂ ਮੁਤਾਬਕ 16 ਸ਼ਰਧਾਲੂ 2 ਦਿਨ ਪਹਿਲਾਂ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਬੋਦਾ ਤੋਂ ਪਿਕਅੱਪ ‘ਚ ਸਵਾਰ ਹੋ ਕੇ ਰਾਜਸਥਾਨ ਦੇ ਗੋਗਾਮੇੜੀ ਗਏ ਸਨ। ਉਥੋਂ ਮੱਥਾ ਟੇਕਣ ਤੋਂ ਬਾਅਦ ਉਹ ਵਾਪਸ ਆ ਰਹੇ ਸਨ ਜਿਥੇ ਅੱਜ ਸਵੇਰੇ ਕਰੀਬ 7 ਵਜੇ ਕੈਥਲ ਦੇ ਕਲਾਇਤ ਨੇੜੇ ਡਰਾਈਵਰ ਦੀ ਅਚਾਨਕ ਅੱਖ ਲੱਗ ਗਈ ਅਤੇ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ।

    ਇਸ ਵਿਚ ਗੁਰਮੁਖ ਸਿੰਘ ਪੁਰੀ (46) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਡਰਾਈਵਰ ਸਮੇਤ 15 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸੜਕ ਤੋਂ ਲੰਘ ਰਹੇ ਹੋਰ ਸਵਾਰੀਆਂ ਨੇ ਮੌਕੇ ‘ਤੇ ਰੁਕ ਕੇ ਪੁਲਿਸ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਪੁਲਿਸ ਮੌਕੇ ‘ਤੇ ਆਈ। ਐਂਬੂਲੈਂਸ ਵੀ ਬੁਲਾਈ ਗਈ।