Skip to content
ਨੂਰਮਹਿਲ ( ਵਿੱਕੀ ਸੂਰੀ ): ਅੱਜ ਇਥੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਫਿਲੌਰ ਦੀ ਮੀਟਿੰਗ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ ਗੋਗੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਮਜ਼ਦੂਰਾਂ ਦੇ ਭਖਦੇ ਮਸਲੇ ਹੱਲ੍ਹ ਕਰਵਾਉਣ ਲਈ ਸੂਬਾ ਕਮੇਟੀ ਦੇ ਸੱਦੇ ਤਹਿਤ 26 ਤੋਂ 28 ਮਈ ਤੱਕ ਕਮਿਸ਼ਨਰ ਦਫ਼ਤਰ ਜਲੰਧਰ ਦੇ ਸਾਹਮਣੇ ਲਗਾਏ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਰੂਪ ਰੇਖਾ ਤੈਅ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਗਰੀਬ ਤੇ ਦਲਿਤ ਮਜ਼ਦੂਰਾਂ ਨਾਲ ਜੋ ਵਾਅਦੇ ਕੀਤੇ ਸ,ਨ ਓਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਭਗਵੰਤ ਮਾਨ ਨੇ ਕਿਹਾ ਸੀ ਕਿ ਔਰਤਾਂ ਨੂੰ ਇੱਕ- ਇੱਕ ਹਜ਼ਾਰ ਰੁਪਏ ਅਤੇ ਪੈਨਸ਼ਨ ਪੱਚੀ ਸੌ ਰੁਪਏ ਦਿੱਤੀ ਜਾਵੇਗੀ, ਜਿਸ ਵਾਅਦੇ ‘ਚੋਂ ਪੂਣੀ ਵੀ ਨਹੀਂ ਕੱਤੀ ਗਈ। ਸਾਥੀ ਰੰਧਾਵਾ ਨੇ ਅੱਗੇ ਕਿਹਾ ਕਿ ਤਹਿਸੀਲ ਫਿਲੌਰ ਵਿਚੋਂ ਵੱਡੀ ਗਿਣਤੀ ਵਿੱਚ ਮਨਰੇਗਾ ਅਤੇ ਦਿਹਾਤੀ ਮਜ਼ਦੂਰਾਂ ਨੂੰ ਲਾਮਬੰਦ ਕਰ ਕੇ ਸ਼ਾਮਲ ਕਰਾਇਆ ਜਾਵੇਗਾ।
ਤਿੰਨ ਦਿਨ ਚੱਲਣ ਵਾਲੇ ਇਸ ਧਰਨੇ ਲਈ ਆਟਾ, ਦਾਲ, ਘਿਓ, ਲੂਣ, ਮਿਰਚ, ਮਸਾਲਾ ਪਿੰਡਾਂ ਵਿਚੋਂ ਮਜ਼ਦੂਰਾਂ ਦੇ ਘਰਾਂ ਤੋਂ ਇਕੱਠਾ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਮਜ਼ਦੂਰਾਂ ਦੀ ਪੈਨਸ਼ਨ, ਬੁਢਾਪਾ, ਵਿਧਵਾ, ਵਿਕਲਾਂਗ ਲਈ 5000 ਰੁਪਏ ਪੈਨਸ਼ਨ ਹਰ ਮਹੀਨੇ ਦਿੱਤੀ ਜਾਵੇ। ਪਿੰਡ ਪਿੰਡ ਸਸਤੇ ਰਾਸ਼ਨ ਦੇ ਡੀਪੂ ਖੋਲ ਕੇ ਆਟਾ, ਦਾਲ, ਖੰਡ, ਘਿਓ, ਚਾਹ ਪੱਤੀ ਆਦਿ ਖਾਣ ਵਾਲੀਆਂ 14 ਬਸਤਾਂ ਡੀਪੂਆਂ ਤੋਂ ਦਿੱਤੀਆਂ ਜਾਣ ਅਤੇ 10-10 ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਪੰਜ ਲੱਖ ਦੀ ਗਰਾਂਟ ਦਿੱਤੀ ਜਾਵੇ, ਮਨਰੇਗਾ ਮਜ਼ਦੂਰਾਂ ਦੀ 700 ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਸਾਰਾ ਸਾਲ ਕੰਮ ਸਾਰੇ ਪਰਿਵਾਰ ਨੂੰ ਦਿੱਤਾ ਜਾਵੇ ਅਤੇ ਬਣਦੀ ਮਿਹਨਤ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈ ਜਾਵੇ। ਮਜ਼ਦੂਰਾਂ ਸਿਰ ਚੜ੍ਹੇ ਹਰ ਤਰਾਂ ਦੇ ਕਰਜੇ ਕੋਅਪਰੇਟਿਵ ਸੋਸਾਇਟੀਆਂ, ਮਾਇਕਰੋ ਫਾਇਨਾਂਸ ਅਤੇ ਹੋਰ ਬੈਂਕਾਂ ਦੇ ਕਰਜੇ ਤੁਰੰਤ ਮੁਆਫ ਕੀਤੇ ਜਾਣ। ਪੀਣ ਵਾਲਾ ਸ਼ੁੱਧ ਅਤੇ ਸਾਫ ਪਾਣੀ ਮੁਫ਼ਤ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ, ਗਰੀਬ ਲੋਕਾਂ ਦੇ ਇਲਾਜ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇ, ਗਰੀਬ ਅਤੇ ਦਲਿਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਤਹਿਸੀਲ ਸਕੱਤਰ ਅੰਮ੍ਰਿਤ ਲਾਲ ਨੰਗਲ, ਮੇਜਰ ਫਿਲੌਰ, ਕੁਲਦੀਪ ਵਾਲੀਆ, ਮੰਗਾਂ ਸੰਗੋਵਾਲ, ਜੀਤਾ ਸੰਗੋਵਾਲ, ਮਦਨ ਸੰਗੋਵਾਲ, ਕੁਲਵੰਤ ਔਜਲਾ, ਕੁਲਦੀਪ ਬਿਲਗਾ ਅਤੇ ਹੋਰ ਸਾਥੀ ਸ਼ਾਮਲ ਸਨ।
Post Views: 2,043