ਜਲੰਧਰ ਦੇ ਅਸ਼ੋਕ ਵਿਹਾਰ ਨੇੜੇ ਇਕ ਵਿਆਹੁਤਾ ਔਰਤ ਨੇ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਸ ਦੀ ਪਛਾਣ ਰੇਸ਼ਮੀ ਪਤਨੀ ਰਵੀ ਸਿੰਘ ਵਾਸੀ ਜਲੰਧਰ ਵਜੋਂ ਹੋਈ, ਜੋ ਮੂਲ ਰੂਪ ਤੋਂ ਸਮਸਤੀਪੁਰ, ਬਿਹਾਰ ਦੀ ਰਹਿਣ ਵਾਲੀ ਸੀ।
ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਜਾਂ ਹੋਰ ਕੋਈ ਚੀਜ਼ ਨਹੀਂ ਮਿਲੀ ਹੈ। ਇਸ ਸਬੰਧੀ ਮਾਪਿਆਂ ਨੇ ਸਹੁਰੇ ਪਰਿਵਾਰ ’ਤੇ ਕਤਲ ਦਾ ਦੋਸ਼ ਲਾਇਆ ਹੈ। ਰੇਸ਼ਮੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।
ਮ੍ਰਿਤਕ ਦੇ ਭਰਾ ਅਮਰਜੀਤ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਸਹੁਰੇ ਵਾਲੇ ਤੰਗ ਪ੍ਰੇਸ਼ਾਨ ਕਰਦੇ ਸਨ। ਬੀਤੇ ਦਿਨ ਜਦੋਂ ਉਹ ਆਪਣੀ ਭੈਣ ਦੇ ਘਰ ਗਿਆ ਤਾਂ ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਹੈ। ਮੈਨੂੰ ਇਥੋਂ ਲੈ ਜਾਓ। ਜਦੋਂ ਅਮਰਜੀਤ ਨੇ ਉਸ ਦੀ ਸੱਸ ਨੂੰ ਆਪਣੀ ਭੈਣ ਨੂੰ ਨਾਲ ਲੈ ਜਾਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿਤਾ।
ਜਿਸ ਤੋਂ ਬਾਅਦ ਉਹ ਆਪਣੇ ਘਰ ਪਰਤ ਗਿਆ। ਅਗਲੇ ਦਿਨ ਯਾਨੀ ਸ਼ੁੱਕਰਵਾਰ ਨੂੰ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ ਹੈ। ਅਮਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਮੈਂ ਉਸ ਦੀ ਭੈਣ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਭੈਣ ਫਰਸ਼ ‘ਤੇ ਪਈ ਸੀ। ਉਸ ਦੀ ਗਰਦਨ ‘ਤੇ ਨਿਸ਼ਾਨ ਸਨ। ਅਮਰਜੀਤ ਨੇ ਪਹਿਲੇ ਮੌਕੇ ’ਤੇ ਤੁਰੰਤ ਪੁਲਿਸ ਨੂੰ ਬੁਲਾ ਲਿਆ। ਪੁਲਿਸ ਨੇ ਮੌਕੇ ’ਤੇ ਪਹੁੰਚਦਿਆਂ ਹੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਅਮਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮੀ ਨੂੰ ਉਸ ਦੇ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।