ਪਠਾਨਕੋਟ : ਪਠਾਨਕੋਟ ਵਿਖੇ ਭਾਰਤ ਅਤੇ  ਪਾਕਿਸਤਾਨ ਤਲਖ਼ੀ ਦੇ ਚਲਦੇ ਪਿਛਲੇ ਕੁਝ ਦਿਨ ਤਣਾਅ ਵਰਗਾ ਮਾਹੌਲ ਬਣਿਆ ਰਿਹਾ ਹੈ। ਲੋਕ ਦਹਿਸ਼ਤ ਦੇ ਸਾਏ ਹੇਠ ਰਹਿਣ ਨੂੰ ਮਜ਼ਬੂਰ ਸਨ, ਪਰ ਹੁਣ ਸਭ ਕੁਝ ਠੀਕ ਹੋਣ ਤੋਂ ਬਾਅਦ ਮੁੜ ਇੱਕ ਵਾਰ ਪਾਕ ਦੀ ਨਾਪਾਕ ਹਰਕਤ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਘਰੌਲੀ ਨੇੜੇ ਪਾਕਿਸਤਾਨ ਦਾ ਇੱਕ ਗ਼ੁਬਾਰਾ ਵੇਖਣ ਨੂੰ ਮਿਲਿਆ ਹੈ। ਜਿਸ ਨੂੰ ਫ਼ੌਜ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਇਸ ਸਬੰਧੀ ਜਦ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਸਵੇਰੇ ਸੈਰ ਕਰਨ ਦੇ ਲਈ ਜਾ ਰਹੇ ਸਨ ਜਦ ਉਹਨਾਂ ਨੂੰ ਇਹ ਗੁਬਾਰਾ ਮਿਲਿਆ ਅਤੇ ਵੇਖਦੇ ਹੀ ਵੇਖਦੇ ਲੋਕਾਂ ਦਾ ਹਜੂਮ ਉੱਥੇ ਇਕੱਠਾ ਹੋ ਗਿਆ। ਸੁਰੱਖਿਆ ਦੇ ਲਿਹਾਜ ਨਾਲ ਪੁੱਛੇ ਗਏ ਸਵਾਲ ’ਤੇ ਸਥਾਨਕ ਵਾਸੀ ਪੁਸ਼ਪਿੰਦਰ ਪਠਾਨੀਆ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੀ ਫ਼ੌਜ ’ਤੇ ਪੂਰਾ ਵਿਸ਼ਵਾਸ ਹੈ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ। ਦੂਜੇ ਪਾਸੇ ਜਦ ਇਸ ਸਬੰਧੀ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਦਿਨਾਂ ’ਚ ਜੋ ਪਠਾਨਕੋਟ ਵਿਖੇ ਹੋਇਆ ਹੈ ਅਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੈ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।