ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) :ਪੰਚਾਇਤੀ ਚੋਣਾਂ ਲੋਕਣਤਰ ਦੀ ਨੀਂਹ ਹੁੰਦੀਆਂ ਹਨ ਪਰ ਇਹਨਾ ਚੋਣਾਂ ਵਿੱਚ ਵੱਡੇ ਪੱਧਰ ‘ਤੇ ਹੋ ਰਹੀਆਂ ਧਾਂਦਲੀਆਂ ਅਤੇ ਬਿਨਾ ਕਿਸੇ ਅਗਾਊਂ ਤਿਆਰੀ ਦੇ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਚੋਣਾਂ ਲੋਕਤੰਤਰ ਦਾ ਵੱਡਾ ਘਾਣ ਕੀਤਾ ਜਾ ਰਿਹਾ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਨੋਨੀ ਮਾਨ, ਮੋਂਟੂ ਵੋਹਰਾ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੇਰਖਾਂ ਅਤੇ ਸਤਪਾਲ ਸਿੰਘ ਤਲਵੰਡੀ ਭਾਈ ਨੇ ਸਾਂਝੇ ਰੂਪ ‘ਚ ਕਿਹਾ ਕਿ ਪੰਜਾਬ ਦੀ ਇਮਾਨਦਾਰ ਕਹਾਉਂਦੀ ਸਰਕਾਰ ਵੱਲੋਂ ਚੋਣਾਂ ਦੇ ਨਾਮ ‘ਤੇ ਸਿਰਫ਼ ਡਰਾਮਾ ਕੀਤਾ ਜਾ ਰਿਹਾ ਹੈ। ਹਾਲੇ ਤੱਕ ਚੋਣਾਂ ਦੀ ਕੋਈ ਵੀ ਤਿਆਰੀ ਨਹੀਂ ਕੀਤੀ ਗਈ। ਅੱਜ ਵਾਰ ਵਾਰ ਲੋਕਾਂ ਵੱਲੋਂ ਜ਼ੋਰ ਪਾਉਣ ਤੋਂ ਬਾਅਦ ਰਿਜ਼ਰਵੇਸ਼ਨ ਵਾਲੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਓਹ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨਾਲ ਸੰਪਰਕ ਕਰਕੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਅਪੀਲ ਕਰ ਰਹੇ ਹਨ। ਓਹਨਾ ਕਿਹਾ ਕਿ ਹੈਰਾਨਗੀ ਹੈ ਕਿ ਚੋਣਾਂ ਕਰਵਾਉਣ ਲਈ ਹਾਲੇ ਤੱਕ ਅਫ਼ਸਰ ਵੀ ਨਿਯੁਕਤ ਨਹੀਂ ਕੀਤੇ ਗਏ। ਅਕਾਲੀ ਆਗੂਆਂ ਨੇ ਕਿਹਾ ਕਿ ਚੁੱਲ੍ਹਾ ਟੈਕਸ ਆਦਿ ਸਾਰੇ ਲੋੜੀਂਦੇ ਕਾਗਜ਼ਾਤ ਦੀ ਐੱਨ ਓ ਸੀ ਦਿੱਤੀ ਜਾਵੇ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣ। ਓਹਨਾ ਇਹ ਵੀ ਦਾਅਵਾ ਕੀਤਾ ਕਿ ਕਿ ਅਕਾਲੀ ਦਲ ਪਿੰਡਾਂ ਵਿਚ ਦ੍ਰਿੜ੍ਹਤਾ ਨਾਲ ਚੋਣਾਂ ਲੜੇਗਾ ਅਤੇ ਪਾਰਦਰਸ਼ੀ ਚੋਣਾਂ ਹੋਈਆਂ ਤਾਂ ਅਕਾਲੀ ਦਲ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਵੇਗਾ। ਆਗੂਆਂ ਨੇ ਆਖਿਆ ਕਿ ਅਗਰ ਚੋਣਾਂ ਬਿਨਾ ਕਿਸੇ ਭੇਦ ਭਾਵ ਦੇ ਹੋਈਆਂ ਤਾਂ ਆਮ ਆਦਮੀ ਪਾਰਟੀ ਦਾ ਪਿੰਡਾਂ ਵਿਚ ਨਾਮੋ ਨਿਸ਼ਾਨ ਨਹੀਂ ਰਹਿਣਾ।
ਖਦਸ਼ਾ ਜ਼ਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਰਪੰਚਾਂ, ਪੰਚਾਂ ਦੇ ਦਾਅਵੇਦਾਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਿਲ ਨਹੀਂ ਹੋਣ ਦਿੱਤੇ ਜਾਣਗੇ ਅਤੇ ਅਗਰ ਕਾਗਜ਼ ਦਾਖਲ ਹੋ ਗਏ ਤਾਂ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਮੂਹ ਅਕਾਲੀ ਆਗੂਆਂ ਨੇ ਇੱਕਜੁਟ ਹੁੰਦਿਆਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਮਾਨ ਸਰਕਾਰ ਦੀ ਧੱਕੇਸ਼ਾਹੀ ਸਹਿਣ ਨਹੀਂ ਕਰੇਗਾ। ਅਗਰ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਰਨੇ ਮੁਜ਼ਾਹਰੇ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।ਇਸ ਮੌਕੇ ‘ਤੇ ਸੁਖਵੰਤ ਸਿੰਘ ਥੇਗ ਗੁਜ਼ਰ, ਭੁਪਿੰਦਰ ਸਿੰਘ ਫਰੀਦੇ ਵਾਲਾ, ਪੱਪੂ ਕੋਤਵਾਲ, ਜੀਵਨਜੋਤ ਸਿੰਘ ਟੋਨੀ, ਸਾਹਬ ਸਿੰਘ ਮੁਦਕਾ, ਗੁਰਨੈਬ ਸਿੰਘ ਪੱਲਾ, ਉਪਕਾਰ ਸਿੰਘ, ਜੱਜਬੀਰ ਸਿੰਘ, ਜੋਗਾ ਸਿੰਘ ਮੁਰਕਵਾਲਾ, ਨਿਰਮਲ ਸਿੰਘ ਸੁਰ ਸਿੰਘ, ਮੇਜਰ ਸਿੰਘ ਸੋਢੀ ਵਾਲਾ, ਲਖਵਿੰਦਰ ਸਿੰਘ ਮਹਿਮਾ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਹਨ।